ਉਸਾਰੀ ਕਿਰਤੀਆ ਵੱਲੋਂ ਮੰਗਾਂ ਨੂੰ ਲੈ ਕੇ ਘੇਰਿਆ ਡੀਸੀ ਦਫਤਰ, ਲਗਾਇਆ ਪੱਕਾ ਮੋਰਚਾ
ਗੁਰਦਾਸਪੁਰ, 5 ਫਰਵਰੀ (ਦੀ ਪੰਜਾਬ ਵਾਇਰ)– ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਵਿੱਚ ਉਸਾਰੀ ਕਿਰਤੀਆਂ ਦੀ ਮੰਗ ਨੂੰ ਲੈ ਕੇ ਅੱਜ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੋਸ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵੱਲ ਰੋਸ ਮਾਰਚ ਕਰਨ ਉਪਰੰਤ ਪੱਕਾ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਆਗੂਆਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਗਿਆ। ਗੱਲਬਾਤ ਕਰਨ ਉਪਰੰਤ ਬਾਹਰ ਆਏ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਸ ਦੇ ਆਗੂ ਜੋਗਿੰਦਰ ਪਾਲ ਪਨਿਆੜ ਸੁਖਦੇਵ ਰਾਜ ਬਹਿਰਾਮਪੁਰ ਜੋਗਿੰਦਰ ਪਾਲ ਘੁਰਾਲਾ ਸੁਨੀਲ ਕੁਮਾਰ ਬਰਿਆਰ ਨੇ ਕਿਹਾ ਕਿ ਉਨਾਂ ਦੀ ਮੰਗ ਸੀ ਕੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇ ਅਤੇ ਉਸਾਰੀ ਕਿਰਤੀਆਂ ਦੇ ਕਈ ਸਾਲਾਂ ਤੋਂ ਲਟਕਦੇ ਆ ਰਹੇ ਮਾਮਲਿਆਂ ਦਾ ਯਕੀਨੀ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਦੇ ਜਵਾਬ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸੋਮਵਾਰ ਨੂੰ ਮੀਟਿੰਗ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ। ਜਿਸ ਬਾਰੇ ਆਗੂਆਂ ਨੇ ਆਪਣੀ ਰਾਏ ਰੱਖਦੇ ਆ ਕਿਹਾ ਕਿ ਅਸੀਂ ਸੋਮਵਾਰ ਤੱਕ ਆਪਣਾ ਪੱਕਾ ਧਰਨਾ ਜਾਰੀ ਰੱਖਾਂਗੇ।
ਆਗੂਆਂ ਨੇ ਦੱਸਿਆ ਕਿ ਲੇਬਰ ਮਹਿਕਮੇ ਵੱਲੋਂ ਮਜ਼ਦੂਰਾਂ ਦੀਆਂ ਸਕੀਮਾਂ ਦੀਆਂ ਫਾਈਲਾਂ ਲੰਮੇ ਸਮੇਂ ਤੋਂ ਪੈਂਨਡਿੰਗ ਪਈਆਂ ਹਨ। ਇਨ੍ਹਾਂ ਸਕੀਮਾਂ ਨੂੰ ਪਾਸ ਕਰਵਾਉਣ ਲਈ ਲੇਬਰ ਮਹਿਕਮੇ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਆਗੂਆਂ ਕਿਹਾ ਕਿ ਸਰਕਾਰਾਂ ਮਜ਼ਦੂਰਾਂ ਦੇ ਮਸਲਿਆਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ। ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬੇ ਦੀ ਸਰਕਾਰ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਉਸਾਰੀ ਭਲਾਈ ਬੋਰਡ ਵਿੱਚ ਲਗ-ਭਗ 1400 ਕਰੋੜ ਰੁਪਏ ਜਮ੍ਹਾਂ ਹਨ।ਜੋ ਉਸਾਰੀ ਕਿਰਤੀਆਂ ਦੀ ਭਲਾਈ ਲਈ ਦਿੱਤੇ ਜਾਣੇ ਹਨ,ਪਰ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਕੀਮਾਂ ਦੇ ਲਾਭ ਮਜ਼ਦੂਰਾਂ ਨੂੰ ਨਹੀਂ ਦਿੱਤੇ ਜਾ ਰਹੇ। ਉਹਨਾਂ ਦੱਸਿਆ ਕਿ ਗੁਰਦਾਸਪੁਰ ਬ੍ਲਾਕ ਵਿਚ ਦਸ ਹਜ਼ਾਰ ਤੋਂ ਵੱਧ ਉਸਾਰੀ ਕਿਰਤੀ ਰਜਿਸਟਰਡ ਹਨ ਜਿਨ੍ਹਾਂ ਨੂੰ ਸਕੀਮਾਂ ਦੇ ਲਾਭ ਮਿਲਣੇ ਚਾਹੀਦੇ ਹਨ। ਲੇਬਰ ਮਹਿਕਮੇ ਵੱਲੋਂ ਇਨ੍ਹਾਂ ਨੂੰ ਆਨੇ ਬਹਾਨੇ ਟਾਲਿਆ ਜਾਂਦਾ ਹੈ ਅਤੇ ਸੇਵਾ ਕੇਂਦਰਾਂ ਵਿੱਚ ਇਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ।ਜੋਂ ਮੰਦੜੇ ਹਾਲ ਗੁਜਰ ਬਸਰ ਕਰ ਰਹੇ ਹਨ। ਆਗੂਆਂ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਦੇ ਐਕਸਗ੍ਰੇਸੀਆ, ਪੈਨਸ਼ਨ, ਸ਼ਗਨ ਸਕੀਮ, ਸੰਸਕਾਰ ਸਕੀਮ, ਐਲ.ਟੀ.ਸੀ,ਸਰਜਰੀ ਅਤੇ ਬੱਚਿਆਂ ਦੇ ਵਜ਼ੀਫਾ ਸਕੀਮ ਤਹਿਤ ਕਰੋੜਾਂ ਰੁਪਏ ਬਕਾਇਆ ਹਨ ਜੋ, ਪਿਛਲੇ ਤਿੰਨ ਸਾਲਾਂ ਤੋਂ ਉਸਾਰੀ ਕਿਰਤੀਆਂ ਨੂੰ ਨਹੀਂ ਨਹੀਂ ਦਿੱਤੇ ਜਾ ਰਹੇ।
ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਕਿਰਤ ਵਿਭਾਗ ਉਹਨਾਂ ਦੇ ਲਟਕਦੇ ਆ ਰਹੇ ਮਾਮਲਿਆਂ ਦਾ ਹੱਲ ਨਹੀਂ ਕਰਦਾ, ਉਹਨਾਂ ਸਮਾਂ ਪੱਕਾ ਧਰਨਾ ਲਗਾਇਆ ਰਹੇਗਾ। ਇਸ ਮੌਕੇ ਬੀਬੀ ਕਾਂਤਾ ਬਰਿਆਰ ਪਵਨ ਮੀਰਪੁਰ ਜਯੋਤੀ ਲਾਲ ਪਾਹੜਾ ਵੱਸਣ ਸਿੰਘ ਨੰਬਰਦਾਰ ਚਿੱਟੀ ਨਿਸ਼ਾਨ ਸਿੰਘ ਭਾਈ ਕਾ ਪਿੰਡ ਵਸਣ ਸਿੰਘ ਬੂਲੇਵਾਲ ਜੋਗਿੰਦਰ ਸਿੰਘ ਘੋੜੇਵਾਹ ਹਰਭਜਨ ਲਾਲ ਕੋਲੀ ਬਹਿਰਾਮਪੁਰ ਮੰਗਲਜੀਤ ਦੀਨਾ ਨਗਰ ਅਸ਼ਵਨੀ ਕੁਮਾਰ ਈਸੇਪਰ ਵਿਜੇ ਜਗਤਪੁਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਮੁਖਤਿਆਰ ਸਿੰਘ ਕਸ਼ਮੀਰ ਮਸੀਹ ਸਰਸਪੁਰ ਰਿੰਕੂ ਸਰਸਪੁਰ ਸਤਪਾਲ ਰਾਮਨਗਰ ਸੁਰਿੰਦਰ ਪਾਲ ਰਾਮ ਨਗਰ ਰਾਜਕੁਮਾਰ ਰਾਏਪੁਰ ਆਦਿ ਨੇ ਸੰਬੋਧਨ ਕੀਤਾ।।