ਜ਼ਮੀਨੀ ਝਗੜੇ ਕਾਰਨ ਇੱਕ ਵਿਅਕਤੀ ਦਾ ਕਤਲ, ਪੰਜ ਮੁਲਜ਼ਮ ਨਾਮਜ਼ਦ
ਗੁਰਦਾਸਪੁਰ, 1 ਫਰਵਰੀ (ਦੀ ਪੰਜਾਬ ਵਾਇਰ)—ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਮਛਰਾਲਾ ਵਿੱਚ ਜ਼ਮੀਨੀ ਵਿਵਾਦ ਕਾਰਨ ਹਮਲਾਵਰਾਂ ਨੇ ਇੱਕ ਵਿਅਕਤੀ ‘ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਵਾਸੀ ਪਿੰਡ ਮਛਰਾਲਾ ਵੱਜੋਂ ਹੋਈ ਹੈ।
ਮ੍ਰਿਤਕ ਦੀ ਪਤਨੀ ਅਮਿਤਾ ਕੁਮਾਰੀ ਨੇ ਦੱਸਿਆ ਕਿ ਉਸਦੇ ਪਤੀ ਦਾ ਆਪਣੇ ਰਿਸ਼ਤੇਦਾਰਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਸ਼ਾਮ ਨੂੰ ਉਸਦਾ ਪਤੀ ਆਪਣੇ ਘਰ ਦੇ ਬਾਹਰ ਚਾਰਦੀਵਾਰੀ ਦੀ ਨੀਂਹ ਪੁੱਟ ਰਿਹਾ ਸੀ। ਜਿੱਥੇ ਮੁਲਜ਼ਮ ਵਿਜੇ ਕੁਮਾਰ, ਰਾਕੇਸ਼ ਕੁਮਾਰੀ, ਹਿਤਾਕਸ਼ੀ ਸੈਣੀ, ਅਕਸ਼ੈ ਸੈਣੀ, ਜੋਗਿੰਦਰ ਪਾਲ ਆਏ। ਮੁਲਜ਼ਮ ਵਿਜੇ ਕੁਮਾਰ ਨੇ ਕਹੀ ਅਤੇ ਉਸਦੀ ਪਤਨੀ ਰਾਕੇਸ਼ ਕੁਮਾਰੀ ਨੇ ਦਸਤੀ ਦਾਤਰ ਨਾਲ ਹਮਲਾ ਕੀਤਾ। ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਉਹ ਉਸਨੂੰ ਬਚਾਉਣ ਲਈ ਅੱਗੇ ਆਈ ਤਾਂ ਰਾਕੇਸ਼ ਕੁਮਾਰੀ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਸਦਾ ਪਤੀ ਬੇਹੋਸ਼ ਹੋ ਗਿਆ। ਰੌਲਾ ਸੁਣ ਕੇ ਮੁਲਜ਼ਮ ਹਥਿਆਰ ਲੈ ਕੇ ਭੱਜ ਗਏ। ਉਹ ਆਪਣੇ ਪਤੀ ਨੂੰ ਦੀਨਾਨਗਰ ਦੇ ਇੱਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਸਿੰਘੋਵਾਲ ਰੈਫਰ ਕਰ ਦਿੱਤਾ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸਦੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ। ਉਸਨੇ ਮੰਗ ਕੀਤੀ ਕਿ ਉਸਦੇ ਪਤੀ ਨੂੰ ਮਾਰਨ ਵਾਲੇ ਮੁਲਜਮਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਐਸ.ਐਚ.ਓ ਓਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਅਜੇ ਮੁਲਜਮ਼ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਿਨ੍ਹਾਂ ਦੀ ਗ੍ਰਿਫਤਾਰੀਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।