Close

Recent Posts

ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਪੰਜਾਬੀ ਭਾਸ਼ਾ ਦਾ ਪ੍ਰਤੀਕ ਬਣਿਆ ਗੁਰਦਾਸਪੁਰ ਦਾ ਬਰਿਆਰ ਬਾਈਪਾਸ ਚੌਂਕ

ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਪੰਜਾਬੀ ਭਾਸ਼ਾ ਦਾ ਪ੍ਰਤੀਕ ਬਣਿਆ ਗੁਰਦਾਸਪੁਰ ਦਾ ਬਰਿਆਰ ਬਾਈਪਾਸ ਚੌਂਕ
  • PublishedJanuary 28, 2025

ਉਚੇਚੇ ਤੌਰ ’ਤੇ ਰਮਨ ਬਹਿਲ ਦਾ ਧੰਨਵਾਦ ਕਰ ਰਹੇ ਹਨ ਉੱਘੇ ਸਾਹਿਤਕਾਰ, ਲਿਖਾਰੀਆਂ ਅਤੇ ਵਿਦਵਾਨ

ਗੁਰਦਾਸਪੁਰ, 28 ਜਨਵਰੀ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਰਿਆਰ ਬਾਈਪਾਸ ਚੌਂਕ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੀ ਪਹਿਲਕਦਮੀ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਚੌਂਕ ਪੰਜਾਬੀ ਭਾਸ਼ਾ ਦਾ ਪ੍ਰਤੀਕ ਬਣ ਕੇ ਉਭਰਿਆ ਹੈ। ਇਸ ਨਵੇਂ ਚੌਂਕ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਸਾਹਿਤਕ, ਧਾਰਮਿਕ, ਰਾਜਸੀ ਅਤੇ ਹੋਰ ਕਲਾਵਾਂ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਇਸ ਉਪਰਾਲੇ ਦਾ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ ਅੱਜ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਆਗੂਆਂ ਅਤੇ ਨੁਮਾਇੰਦਿਆਂ ਨੇ ਇਸ ਚੌਂਕ ਵਿੱਚ ਪਹੁੰਚ ਕੇ ਜਿੱਥੇ ਇਸ ਦੀ ਖੂਬਸੂਰਤੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਉਸ ਦੇ ਨਾਲ ਹੀ ਇਸ ਚੌਂਕ ਨੂੰ ਬਣਾਉਣ ਦਾ ਉਪਰਾਲਾ ਕਰਨ ਵਾਲੇ ਚੇਅਰਮੈਨ ਰਮਨ ਬਹਿਲ ਅਤੇ ਜ਼ਿਲਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

ਦੱਸਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਬਰਿਆਰ ਬਾਈਪਾਸ ਚੌਂਕ ਵਿੱਚ ਖਾਲੀ ਪਈ ਜਗ੍ਹਾ ’ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਹੇਠ ਇੱਕ ਚੌਂਕ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਦੋ ਦਿਨ ਪਹਿਲਾਂ ਹੀ 26 ਜਨਵਰੀ ਵਾਲੇ ਦਿਨ ਖੁਦ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ ਹੈ। ਇਸ ਕਾਰਨ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਵਿੱਚ ਇੱਕ ਨਵੀਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਚੌਂਕ ਵਿੱਚ ਜਿੱਥੇ ਇੱਕ ਅਧਿਆਪਕ ਅਤੇ ਅਧਿਆਪਕਾ ਦਾ ਸੁੰਦਰ ਬੁੱਤ ਬਣਾ ਕੇ ਬੱਚਿਆਂ ਨੂੰ ਪੜਾਉਂਦੇ ਦਿਖਾਇਆ ਗਿਆ ਹੈ ਉਸ ਦੇ ਨਾਲ ਹੀ ਚੌਂਕ ਵਿੱਚ ਪੰਜਾਬੀ ਭਾਸ਼ਾ ਦੇ ਅੱਖਰ ਇੱਕ ਫੱਟੀ ਨੁਮਾ ਬੋਰਡ ਉੱਪਰ ਲਿਖੇ ਗਏ ਹਨ। ਇਹ ਫੱਟੀ ਪੁਰਾਣੇ ਸਮਿਆਂ ਵਿੱਚ ਬੱਚਿਆਂ ਵੱਲੋਂ ਆਪਣੀ ਲਿਖਾਈ ਦੀ ਸ਼ੁਰੂਆਤ ਕਰਨ ਮੌਕੇ ਵਰਤੀ ਜਾਂਦੀ ਲੱਕੜ ਦੀ ਫੱਟੀ ਦੇ ਰੂਪ ਵਿੱਚ ਬਣਾਈ ਗਈ ਹੈ ਜਿਸ ਨੂੰ ਹੁਣ ਬਹੁਤੇ ਬੱਚੇ ਆਪਣੀਆਂ ਯਾਦਾਂ ਚੋਂ ਵਿਸਾਰ ਚੁੱਕੇ ਹਨ ਇਸ ਤਰ੍ਹਾਂ ਇਹ ਚੌਂਕ ਇਸ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਪ੍ਰਤੀਕ ਪੰਜਾਬੀ ਮਾਂ ਬੋਲੀ ਦੀ ਬਾਖੂਬੀ ਯਾਦ ਕਰਵਾ ਰਿਹਾ ਹੈ।

ਗੁਰਦਾਸਪੁਰ ਸ਼ਹਿਰ ਨਾਲ ਸੰਬੰਧਿਤ ਪੰਜਾਬ ਦੇ ਉੱਘੇ ਚਿੱਤਰਕਾਰ ਅਤੇ ਲਿਖਾਰੀ ਬੀਬਾ ਬਲਵੰਤ ਨੇ ਅੱਜ ਵਿਸ਼ੇਸ਼ ਤੌਰ ’ਤੇ ਇਸ ਚੌਂਕ ਵਿੱਚ ਪਹੁੰਚ ਕੇ ਜੱਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਗੁਰਦਾਸਪੁਰ ਸ਼ਹਿਰ ਸਮੇਤ ਜ਼ਿਲ੍ਹੇ ਅਤੇ ਪੰਜਾਬ ਵਿੱਚ ਹੋਰ ਕਈ ਤਰ੍ਹਾਂ ਦੇ ਸੁੰਦਰ ਚੌਂਕ ਉਸਾਰੇ ਗਏ ਹਨ। ਪਰ ਗੁਰਦਾਸਪੁਰ ਸ਼ਹਿਰ ਅੰਦਰ ਚੇਅਰਮੈਨ ਰਮਨ ਬਹਿਲ ਵੱਲੋਂ ਬਣਵਾਏ ਗਏ ਇਸ ਚੌਂਕ ਦਾ ਇੱਕ ਖਾਸ ਮਹੱਤਵ ਹੈ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਚੌਂਕ ਰਾਹੀਂ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਵੀ ਬੁਲੰਦ ਹੋ ਰਿਹਾ ਹੈ। ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਰਮਨ ਬਹਿਲ ਅਤੇ ਪ੍ਰਸ਼ਾਸਨ ਵੱਲੋਂ ਇੱਕ ਨਵੀਂ ਪਿਰਤ ਪਾਈ ਗਈ ਹੈ ਜਿਸ ਲਈ ਉਹ ਬਹਿਲ ਅਤੇ ਪ੍ਰਸ਼ਾਸਨ ਦੇ ਧੰਨਵਾਦੀ ਹਨ

ਗੁਰਦਾਸਪੁਰ ਦੇ ਜਿਲਾ ਭਾਸ਼ਾ ਅਫਸਰ ਡਾ ਪਰਮਜੀਤ ਸਿੰਘ ਕਲਸੀ ਨੇ ਇਸ ਚੌਂਕ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਜਿੱਥੇ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦਾ ਇਹ ਚੌਂਕ ਨਾ ਸਿਰਫ ਪੰਜਾਬ ਦੇ ਇਤਿਹਾਸਿਕ ਚੌਂਕਾਂ ਵਿੱਚ ਦਰਜ ਹੋ ਗਿਆ ਹੈ ਸਗੋਂ ਇਹ ਚੌਂਕ ਗੁਰਮੁਖੀ ਲਿਪੀ ਦੀ ਮਹਾਨਤਾ, ਪੰਜਾਬੀ ਭਾਸ਼ਾ ਦੀ ਮਹਾਨਤਾ, ਵਿਦਿਆਰਥੀਆਂ ਦੀ ਮਹਾਨਤਾ, ਬੇਟੀਆਂ ਨੂੰ ਪੜ੍ਹਾਉਣ ਦੀ ਮਹਾਨਤਾ ਤੇ ਬੇਟੀਆਂ ਨੂੰ ਬਚਾਉਣ ਦੀ ਮਹਾਨਤਾ ਦਾ ਸੰਦੇਸ਼ ਦੇਣ ਵਾਲਾ ਚੌਂਕ ਬਣ ਕੇ ਉਭਰੇਗਾ। ਇਸੇ ਦੌਰਾਨ ਧਰਮਸ਼ਾਲਾ ਤੋਂ ਆ ਰਹੇ ਇੱਕ ਡਾਇਰੈਕਟਰ ਸੱਗੀ ਬਾਸ ਅਤੇ ਗੁਰਦਾਸਪੁਰ ਜਿਲੇ ਨਾਲ ਸੰਬੰਧਿਤ ਉੱਘੇ ਲਿਖਾਰੀ ਜੇਪੀ ਖਰਲਾਂਵਾਲਾ, ਜੀ.ਐਸ . ਪਾਹੜਾ ਅਤੇ ਹੋਰ ਸਾਹਿਤਕਾਰਾਂ ਨੇ ਵੀ ਇਸ ਚੌਂਕ ਵਿੱਚ ਪਹੁੰਚ ਕੇ ਇਸ ਉਪਰਾਲੇ ਦੀ ਭਰਪੂਰ ਸ਼ਲਾਗਾ ਕੀਤੀ ਅਤੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕੀਤਾ।

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ ਦੀ ਕਾਰਜਕਾਰੀ ਪ੍ਰਿੰਸੀਪਲ ਅਰਚਨਾ ਜੋਸ਼ੀ, ਪੰਜਾਬ ਅਧਿਆਪਕਾ ਸੀਮਾ ਰਾਣੀ, ਪੰਜਾਬੀ ਅਧਿਆਪਕਾ ਕਰਮਜੀਤ ਕੌਰ, ਸੇਵਾਮੁਕਤ ਅਧਿਆਪਕਾ ਸਿੰਮੀ ਆਦਿ ਨੇ ਵੀ ਚੌਂਕ ਵਿਚ ਪਹੁੰਚ ਕੇ ਕਿਹਾ ਕਿ ਜੋ ਕਿ ਦੌਰ ਦੇ ਬੱਚੇ ਆਪਣੀ ਮਾਤ ਭਾਸ਼ਾ ਤੋਂ ਪਿੱਛੇ ਰਹਿੰਦੇ ਜਾ ਰਹੇ ਹਨ। ਅਜਿਹੇ ਬੱਚਿਆਂ ਵਿੱਚ ਨਵੀਂ ਜਾਗਰੂਕਤਾ ਪੈਦਾ ਕਰਨ ਲਈ ਇਹ ਚੌਂਕ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਕਰਮਜੀਤ ਕੌਰ ਅਧਿਆਪਕਾਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਬੱਚਿਆਂ ਨੂੰ ਫੱਟੀ ਉੱਪਰ ਪੰਜਾਬੀ ਲਿਖਵਾਈ ਜਾਂਦੀ ਸੀ। ਪਰ ਹੁਣ ਸਮਾਂ ਬਦਲ ਚੁੱਕਿਆ ਹੈ। ਪਰ ਇਸ ਚੌਂਕ ਵਿੱਚ ਮੁੜ ਉਹੀ ਚੀਜ਼ਾਂ ਦੀ ਯਾਦ ਕਰਵਾ ਕੇ ਬੱਚਿਆਂ ਨੂੰ ਨਿਵੇਕਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Written By
The Punjab Wire