ਵਿਧਾਇਕਾ ਅਰੁਣਾ ਚੌਧਰੀ ਨੇ ਭਟੋਆ ਤੋਂ ਸ਼ਾਹਪੁਰ ਨੂੰ ਜਾਂਦੀ ਲਿੰਕ ਸਡ਼ਕ ਦਾ ਕੀਤਾ ਉਦਘਾਟਨ
75 ਲੱਖ ਦੀ ਲਾਗਤ ਨਾਲ ਤਿਆਰ ਹੋਈ ਢਾਈ ਕਿਲੋਮੀਟਰ ਲੰਮੀ ਸਡ਼ਕ
ਅਸ਼ੋਕ ਚੌਧਰੀ ਵੱਲੋਂ ਪਿੰਡ ਵਾਸੀਆਂ ਨੂੰ ਕਾਂਗਰਸ ਦੇ ਮੁੱਖ ਧਡ਼ੇ ਨਾਲ ਚੱਲਣ ਦੀ ਅਪੀਲ
ਦੀਨਾਨਗਰ, 28 ਜਨਵਰੀ 2025 (ਦੀ ਪੰਜਾਬ ਵਾਇਰ )। ਵਿਧਾਇਕਾ ਅਰੁਣਾ ਚੌਧਰੀ ਵੱਲੋਂ ਅੱਜ ਪਿੰਡ ਭਟੋਆ ਤੋਂ ਸ਼ਾਹਪੁਰ ਨੂੰ ਜਾਣ ਲਈ ਨਵੀਂ ਬਣਾਈ ਗਈ ਲਿੰਕ ਸਡ਼ਕ ਦਾ ਉਦਘਾਟਨ ਕਰਕੇ ਇਸਨੂੰ ਰਸਮੀ ਤੌਰ ’ਤੇ ਜਨਤਾ ਦੇ ਸਪੁਰਦ ਕੀਤਾ ਗਿਆ। 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਹ ਸਡ਼ਕ ਕਰੀਬ ਢਾਈ ਕਿਲੋਮੀਟਰ ਲੰਮੀ ਬਣੀ ਹੈ, ਜਿਸਦਾ ਆਸਪਾਸ ਦੇ ਵੱਡੀ ਗਿਣਤੀ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਵਾਜਾਈ ਪਹਿਲਾਂ ਨਾਲੋਂ ਵਧੇਰੇ ਸੁਖ਼ਾਲੀ ਹੋਵੇਗੀ। ਜਾਣਕਾਰੀ ਅਨੁਸਾਰ ਦਸੰਬਰ 2021 ਵਿੱਚ ਤਤਕਾਲੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਇਸ ਸਡ਼ਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਹਰੇਕ ਤਰ੍ਹਾਂ ਦੀ ਮਨਜ਼ੂਰੀ ਲੈ ਕੇ ਪੈਸੇ ਰਿਲੀਜ਼ ਕਰਵਾਏ ਗਏ ਸਨ। ਅੱਜ ਇਸ ਬਾਰੇ ਜਾਣਕਾਰੀ ਦਿੰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਭਟੋਆ ਵਾਸੀਆਂ ਦੀ ਇਸ ਪੁਰਾਣੀ ਤੇ ਅਹਿਮ ਮੰਗ ਨੂੰ ਪੂਰਾ ਕਰਵਾ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲੀ ਹੈ। ਕਾਂਗਰਸੀ ਆਗੂ ਕਮਲੇਸ਼ ਕੁਮਾਰੀ ਦੇ ਯਤਨਾਂ ਨਾਲ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਭਟੋਆ ਪਿੰਡ ਦੀਆਂ ਸਭ ਗਲੀਆਂ-ਨਾਲੀਆਂ ਪੱਕੀਆਂ ਕਰਵਾ ਦਿੱਤੀਆਂ ਅਤੇ ਇਹ ਸੁਵਿਧਾ ਗੁੱਜਰਾਂ ਦੇ ਕੁੱਲਾਂ ਤੱਕ ਵੀ ਪਹੁੰਚਾ ਦਿੱਤੀ ਗਈ।
ਉਨ੍ਹਾਂ ਹੈਰਾਨਗੀ ਪ੍ਰਗਟਾਈ ਕਿ ਬਦਲਾਅ ਦਾ ਨਾਅਰਾ ਮਾਰ ਕੇ ਸੱਤਾ ਵਿੱਚ ਆਈ ‘ਆਪ’ ਦੀ ਸਰਕਾਰ ਇੱਥੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਇੱਟ ਵੀ ਨਹੀਂ ਲਗਾ ਪਾਈ ਹੈ ਅਤੇ ਇਹੋ ਹਾਲ ਦੀਨਾਨਗਰ ਦੇ ਬਾਕੀ ਪਿੰਡਾਂ ਦਾ ਵੀ ਹੈ, ਜਿੱਥੋਂ ‘ਆਪ’ ਆਗੂ ਸਰਵਪੱਖੀ ਵਿਕਾਸ ਕਰਨ ਦਾ ਵਾਅਦਾ ਕਰਕੇ ਵੋਟਾਂ ਤਾਂ ਲੈ ਗਏ ਪਰ ਕੰਮ ਕੋਈ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦੀਨਾਨਗਰ ’ਚ ਮੁਕੰਮਲ ਹੋਏ ਅਤੇ ਮੌਜੂਦਾ ਸਮੇਂ ’ਚ ਚੱਲ ਰਹੇ ਤਮਾਮ ਵਿਕਾਸ ਕੰਮ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਮਨਜ਼ੂਰੀ ਹੋਏ ਸਨ ਅਤੇ ਕ੍ਰੈਡਿਟ ਹੁਣ ਝਾਡ਼ੂ ਪਾਰਟੀ ਵਾਲੇ ਲੈ ਰਹੇ ਹਨ। ਉਨ੍ਹਾਂ ‘ਆਪ’ ਸਰਕਾਰ ’ਤੇ ਔਰਤਾਂ ਨਾਲ ਇੱਕ ਹਜ਼ਾਰ ਰੁਪਇਆ ਮਹੀਨਾ ਨਾ ਦੇ ਕੇ ਧ੍ਰੋਹ ਕਰਨ ਦਾ ਆਰੋਪ ਵੀ ਲਗਾਇਆ।
ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਪਿੰਡ ਭਟੋਆ ਅੰਦਰ ਗੁਮਰਾਹਕੁੰਨ ਪ੍ਰਚਾਰ ਕਰਨ ਵਾਲੇ ਤਮਾਮ ਲੀਡਰਾਂ ਨੂੰ ਕਰਡ਼ੇ ਹੱਥੀਂ ਲੈਂਦਿਆਂ ਆਮ ਜਨਤਾ ਨੂੰ ਸੂਝਵਾਨ ਬਣ ਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਵਿਰੋਧੀਆਂ ਦੇ ਨਾਲ-ਨਾਲ ਆਪਣੀ ਪਾਰਟੀ ਦੇ ਲੀਡਰਾਂ ਨੂੰ ਵੀ ਪਿੰਡ ਅੰਦਰ ਬਣਦੇ ਮਸਲਿਆਂ ਲਈ ਕਟਿਹਰੇ ’ਚ ਖਡ਼੍ਹਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਦੀਆਂ ਜਿਦਾਂ ਪਿੱਟਣ ਕਾਰਨ ਹੀ ਸਰਪੰਚੀ ਦੀ ਚੋਣ ਵੇਲੇ ਚੰਗਾ ਆਗੂ ਅੱਗੇ ਨਹੀਂ ਆ ਸਕਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਕਾਂਗਰਸ ਦੇ ਮੁੱਖ ਧਡ਼ੇ ਨਾਲ ਚੱਲਣ ਅਤੇ ਆਪਣੇ ਹਰੇਕ ਕੰਮ ਲਈ ਵਿਧਾਇਕਾ ਅਰੁਣਾ ਚੌਧਰੀ ਨੂੰ ਸਿੱਧੇ ਤੌਰ ’ਤੇ ਮਿਲਣ ਦੀ ਗੱਲ ਵੀ ਆਖੀ। ਇਸ ਤੋਂ ਪਹਿਲਾਂ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸੂਬੇਦਾਰ ਰਛਪਾਲ ਸਿੰਘ ਅਤੇ ਲੱਕੀ ਰੰਧਾਵਾ ਨੇ ਆਪਣੇ ਵਿਚਾਰ ਰੱਖੇ ਅਤੇ ਸਡ਼ਕ ਦੇ ਨਿਰਮਾਣ ਲਈ ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਨਵਦੀਪ ਸਿੰਘ ਸੋਨੂੰ, ਸੁਰਜੀਤ ਸਿੰਘ, ਲਲਿਤ ਕੁਮਾਰ ਸ਼ਰਮਾ, ਪੰਚ ਸੰਦੀਪ ਕੁਮਾਰ, ਕਸ਼ਮੀਰੋ ਦੇਵੀ, ਪੰਚ ਨੀਨਾ ਕੁਮਾਰੀ, ਗੁਰਦੀਪ ਸਿੰਘ, ਰਾਕੇਸ਼ ਰੋਸ਼ਨ ਦਾਰਾ, ਠਾਕੁਰ ਰਛਪਾਲ ਸਿੰਘ, ਬੋਧ ਰਾਜ, ਠਾਕੁਰ ਕਾਬਲ ਸਿੰਘ, ਯੂਥ ਪ੍ਰਧਾਨ ਰੰਮੀ ਠਾਕੁਰ, ਹਰਜਿੰਦਰ ਸਿੰਘ ਗਵਾਲੀਆ, ਅਮਿਤ ਚਾਂਡਲ, ਨਵੀ ਠਾਕੁਰ, ਢਿੱਲੋ ਸਾਬ ਅਤੇ ਅਮਿਤ ਠਾਕੁਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਹਾਜ਼ਰ ਸਨ।