ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਕੱਢਿਆ ਗਿਆ ਟ੍ਰੈਕਟਰ ਮਾਰਚ
ਕੇਂਦਰ ਸਰਕਾਰ ਖਿਲਾਫ ਗੂੰਜੇ ਨਾਅਰੇ
ਗੁਰਦਾਸਪੁਰ, 26 ਜਨਵਰੀ (ਦੀ ਪੰਜਾਬ ਵਾਇਰ)– ਇੱਕ ਪਾਸੇ ਜਿੱਥੇ ਦੇਸ਼ ਗਣਤੰਤਰ ਦਿਵਸ ਤੇ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਉੱਥੇ ਦੂਜੇ ਪਾਸੇ ਸਾਰੇ ਦੇਸ਼ ਵਿੱਚ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਗੇੜੇ ਲਾ ਕੇ ਆਪਣਾ ਰੋਸ ਵਿਖਾਵਾ ਕਰ ਰਹੇ ਸਨ। ਕਿਸਾਨ ਮੁੱਖ ਮੰਗ ਸਵਾਮੀਨਾਥਨ ਕਮਿਸ਼ਨ ਮੁਤਾਬਕ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਸਨ ਨਾਲ ਹੀ ਕਿਸਾਨ ਮੰਗ ਕਰ ਰਹੇ ਸਨ ਕਿ ਕੌਮੀ ਮੰਡੀਕਰਨ ਸੇਵਾ ਖਰੜਾ ਫੌਰੀ ਵਾਪਸ ਲਿਆ ਜਾਵੇ ਜਿਹੜਾ ਫਿਰ ਤੋਂ ਉਹੀ ਤਿੰਨ ਕਾਲੇ ਕਾਨੂੰਨਾਂ ਦਾ ਬਦਲਿਆ ਰੂਪ ਹੈ ਜਿਹੜੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਇਤਿਹਾਸਿਕ ਲੰਬਾ ਸੰਘਰਸ਼ ਲੜ ਕੇ ਰੱਦ ਕਰਾਏ ਸਨ। ਕਿਸਾਨ ਇਹ ਮੰਗ ਵੀ ਕਰ ਰਹੇ ਸਨ ਕਿ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡਲੇਵਾਲ ਦੀ ਜਾਨ ਬਚਾਉਣ ਲਈ ਮੰਗਾਂ ਸਬੰਧੀ 14 ਫਰਵਰੀ ਦੀ ਤਰੀਕ ਬਦਲ ਕੇ ਪਹਿਲਾਂ ਕੀਤੀ ਜਾਵੇ ਅਤੇ ਗੱਲਬਾਤ ਕਰਕੇ ਸਾਰੀਆਂ ਮੰਗਾਂ ਦਾ ਐਲਾਨ ਕੀਤਾ ਜਾਵੇ।
ਜਿੱਥੇ ਅੱਜ ਸਾਰੇ ਦੇਸ਼ ਵਿੱਚ ਹਰ ਬਲਾਕ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਕੀਤੇ ਗਏ ਹਨ ਉੱਥੇ ਗੁਰਦਾਸਪੁਰ ਦਾ ਟਰੈਕਟਰ ਮਾਰਚ ਤਹਿਸੀਲ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਤੋਂ 11 ਵਜੇ ਸ਼ੁਰੂ ਹੋ ਕੇ 12 ਵਜੇ ਪੁੱਡਾ ਕਲੋਨੀ ਗਰਾਊਂਡ ਵਿੱਚ ਇੱਕ ਵੱਡੇ ਕਾਫਲੇ ਦਾ ਰੂਪ ਧਾਰ ਗਿਆ ।ਇਸ ਕਿਸਾਨ ਟਰੈਕਟਰ ਮਾਰਚ ਦੀ ਅਗਵਾਈ ਸਾਂਝੇ ਤੌਰ ਤੇ ਮੱਖਣ ਸਿੰਘ ਕੁਹਾੜ ਤਰਲੋਕ ਸਿੰਘ ਬਹਿਰਾਮਪੁਰ ਮੰਗਤ ਸਿੰਘ ਜੀਵਨ ਚੱਕ ਸੁਖਦੇਵ ਸਿੰਘ ਭਾਗੋਕਾਵਾਂ ਗੁਰਦੀਪ ਸਿੰਘ ਮੁਸਤਾਬਾਦ ਰਘਬੀਰ ਸਿੰਘ ਚਾਹਲ ਅਜੀਤ ਸਿੰਘ ਹੁੰਦਲ ਕੁਲਵਿੰਦਰ ਸਿੰਘ ਤੇ ਮੱਖਣ ਸਿੰਘ ਤਿੱਬੜ ਚਨਣ ਸਿੰਘ ਦਰਾਂਗਲਾ ਸੁਖਦੇਵ ਰਾਜ ਬਹਿਰਾਮਪੁਰ ਪਲਵਿੰਦਰ ਸਿੰਘ ਘਰਾਲਾ ਦਲਬੀਰ ਸਿੰਘ ਜੀਵਨ ਚੱਕ ਬਲਬੀਰ ਸਿੰਘ ਬੈਂਸ ਹਰਭਜਨ ਸਿੰਘ ਸਲੀਮਪੁਰ ਸੋਨਾ ਸ਼ਾਹ ਘਰਾਲਾ ਗੁਰਦਿਆਲ ਸਿੰਘ ਸੋਹਲ ਖਜਾਨ ਸਿੰਘ ਪੰਧੇਰ ਦਵਿੰਦਰ ਸਿੰਘ ਪੰਧੇਰ ਜਗੀਰ ਸਿੰਘ ਸਲਾਚ ਪਲਵਿੰਦਰ ਸਿੰਘ ਸੁਆਮੀ ਬਾਊਪੁਰ ਅਮਰੀਕ ਸਿੰਘ ਸਲਾਚ ਚੱਕ ਲਾਡੀ ਸ਼ਾਹ ਘਰਾਲਾ ਅਤੇ ਪਰਮਜੀਤ ਕੌਰ ਘਰਾਲਾ ਨੇ ਸਾਂਝੇ ਤੌਰ ਤੇ ਕੀਤੀ ਅਤੇ ਵੱਡੇ ਟਰੈਕਟਰ ਕਾਫਲੇ ਲਿਆ ਕੇ ਇਸ ਵਿੱਚ ਹਿੱਸਾ ਲਿਆ।
ਬੀਬੀ ਪਰਮਜੀਤ ਕੌਰ ਘਰਾਲਾ ਨੇ ਇੱਕ ਵੱਡਾ ਕਾਫਲਾ ਲਿਆ ਕੇ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ। ਕਿਸਾਨਾਂ ਆਗੂਆਂ ਨੇ ਨਾਅਰਿਆਂ ਰਾਹੀਂ ਅਤੇ ਵੱਖ-ਵੱਖ ਚੌਂਕਾਂ ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਪੈਰ ਪੈਰ ਤੇ ਧੱਕਾ ਕਰ ਰਹੀ ਹੈ। ਉਹ ਮਤਰੇਈ ਮਾਂ ਵਾਲਾ ਸਲੂਕ ਕਿਸਾਨਾਂ ਨਾਲ ਕਰ ਰਹੀ ਹੈ। ਉਹ ਖੇਤੀ ਜੋ ਦੇਸ਼ ਦੀ ਰੀੜ ਦੀ ਹੱਡੀ ਹੈ ਉਸ ਚੋਂ ਕਿਸਾਨਾਂ ਨੂੰ ਲਾਂਭੇ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਆਗੂਆਂ ਕਿਹਾ ਕਿ ਮੋਦੀ ਸਰਕਾਰ ਐਮਐਸਪੀ ਦਾ ਕਾਨੂੰਨ ਬਣਾਉਣ ਤੇ ਹੋਰ ਮੰਗਾਂ ਲਿਖਤੀ ਰੂਪ ਵਿੱਚ ਮੰਨ ਕੇ ਮੁੱਕਰ ਗਈ ਹੈ। ਇਸੇ ਤਰ੍ਹਾਂ ਮਨਰੇਗਾ ਜਿਸ ਤਹਿਤ ਮਜ਼ਦੂਰਾਂ ਦਾ ਸਾਰਾ ਸਾਲ ਤੇ ਸਾਰਾ ਸਾਲ ਕੰਮ ਅਤੇ ਘੱਟੋ ਘੱਟ 600 ਦਿਹਾੜੀ ਤੇ ਕੰਮ ਦੇਣਾ ਬਣਦਾ ਹੈ ਉਸ ਦਾ ਫੰਡ ਲਗਾਤਾਰ ਘਟਾਇਆ ਜਾ ਰਿਹਾ ਹੈ। ਆਗੂਆਂ ਨੇ ਬੇਰੁਜ਼ਗਾਰੀ ਦੂਰ ਕਰਨ ਜਾਂ ਬੇਰੁਜ਼ਗਾਰੀ ਭੱਤਾ ਦੇਣ ਅਤੇ ਮਹਿੰਗਾਈ ਰੋਕਣ ਦੀ ਵੀ ਮੰਗ ਕੀਤੀ। ਇਹ ਮੰਗ ਵੀ ਜ਼ੋਰਦਾਰ ਢੰਗ ਨਾਲ ਕੀਤੀ ਗਈ ਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਚਾਹੇ ਉਹ ਔਰਤ ਹੈ ਜਾਂ ਮਰਦ ਕਿਸਾਨ ਹੈ ਜਾਂ ਮਜ਼ਦੂਰ ਹਰ ਇੱਕ ਨੂੰ ਚਾਹੇ ਉਹ ਛੋਟਾ ਦੁਕਾਨਦਾਰ ਹੈ ਜਾਂ ਰੇੜੀ ਵਾਲਾ ਜਾਂ ਰਿਕਸ਼ੇ ਵਾਲਾ ਹਰ ਇੱਕ ਨੂੰ ਘੱਟੋ ਘੱਟ 10 ਹਜਾਰ ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਵੇ। ਟਰੈਕਟਰ ਮਾਰਚ ਬਬਰੀ ਚੌਂਕ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਕਾਹਨੂੰਵਾਨ ਚੌਕ ਐਸਡੀ ਕਾਲਜ ਤਿਬੜੀ ਚੌਕ ਹਨੂਮਾਨ ਚੌਕ ਜਹਾਜ ਚੌਂਕ ਪੁਰਾਣੀ ਦਾਣਾ ਮੰਡੀ ਪੰਚਾਇਤ ਭਵਨ ਡੀਸੀ ਕੋਠੀ ਐਸਐਸਪੀ ਕੋਠੀ ਭਗਤ ਰਵਿਦਾਸ ਜੀ ਚੌਕ ਤੋਂ ਡਾਕਖਾਨਾ ਚੌਂਕ ਰਾਹੀਂ ਮੁੜ ਕਾਹਨੂਵਾਨ ਚੌਕ ਜਾ ਕੇ ਸਮਾਪਤ ਹੋਇਆ। ਆਗੂਆਂ ਨੇ ਇਸ ਮੌਕੇ ਸਮੂਹ ਨਗਰ ਨਿਵਾਸੀਆਂ ਛੋਟੇ ਦੁਕਾਨਦਾਰਾਂ ਰੇੜੀ ਵਾਲਿਆਂ ਰਿਕਸ਼ੇ ਵਾਲਿਆਂ ਅਤੇ ਹੋਰ ਰਾਹਗੀਰਾਂ ਨੂੰ ਸਹਿਯੋਗ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ।