ਐੱਸ.ਐੱਸ.ਐੱਸ ਕਾਲਜ ਦੀਨਾਨਗਰ ਵਿਖੇ 15ਵਾਂ ਵੋਟਰ ਦਿਵਸ ਮਨਾਇਆ
ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 18-19 ਸਾਲ ਦੇ ਨਵੇਂ ਵੋਟਰਾਂ ਨੂੰ ਵੰਡੇ ਗਏ ਵੋਟਰ ਸ਼ਨਾਖ਼ਤੀ ਕਾਰਡ
ਵੋਟ ਦਾ ਸਹੀ ਤੇ ਜ਼ਰੂਰ ਇਸਤੇਮਾਲ ਕਰਨ ਦਾ ਦਿਵਾਇਆ ਗਿਆ ਪ੍ਰਣ
ਦੀਨਾਨਗਰ/ਗੁਰਦਾਸਪੁਰ, 25 ਜਨਵਰੀ 2025 (ਦੀ ਪੰਜਾਬ ਵਾਇਰ )। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੀ ਬਣਾਉਣ ਦੇ ਨਾਲ ਆਪਣੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ ਹੈ। ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਅੱਜ ਐੱਸ.ਐੱਸ.ਐੱਸ ਕਾਲਜ ਦੀਨਾਨਗਰ ਵਿਖੇ 15ਵੇਂ ਕੌਮੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਸਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ 100 ਫ਼ੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਅਤੇ ਉਸ ਦਾ ਬਿਨਾਂ ਕਿਸੇ ਭੇਦ-ਭਾਵ ਤੋਂ ਇਸਤੇਮਾਲ ਕਰਨਾ ਹਰੇਕ ਨਾਗਰਿਕ ਦੀ ਸਮਾਜਿਕ ਜ਼ਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਸਹੀ ਤੇ ਨਿਰਪੱਖ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਵੀ ਦਿਵਾਇਆ।
ਇਸ ਮੌਕੇ ਮੁੱਖ ਚੋਣ ਕਮਿਸ਼ਨਰ ਜੀ ਵੱਲੋਂ ਵੀਡੀਓ ਸੰਦੇਸ਼ ਰਾਹੀਂ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਐੱਸ.ਐੱਸ.ਐੱਸ. ਕਾਲਜ ਦੀਨਾਨਗਰ ਦੀ ਵਿਦਿਆਰਥਣ ਜਾਨਵੀ, ਸੁਬੀਜ਼ੀ, ਰਮਨਦੀਪ ਕੌਰ ਗਿੱਲ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੀ ਵਿਦਿਆਰਥਣ ਸੋਨਾਲੀ, ਪਲਕ ਭਾਵਰਾ, ਨੰਦਨੀ, ਵਿਦਿਆਰਥੀ ਅਭਿਨੰਦਨ ਸ਼ਰਮਾ, ਕ੍ਰਿਸ਼ ਪੁਰੀ ਨੇ ਆਪਣੇ ਭਾਸ਼ਣ ਰਾਹੀਂ ਵੋਟ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਲੈਕਚਰਾਰ ਗੁਰਮੀਤ ਸਿੰਘ ਭੋਮਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਪਰਮਜੀਤ ਸਿੰਘ ਨੇ ਵੋਟ ਦੀ ਮਹੱਤਤਾ ਬਾਰੇ ਨੌਜਵਾਨਾਂ ਨੂੰ ਦੱਸਿਆ। ਇਸ ਮੌਕੇ ਐੱਸ.ਐੱਸ.ਐੱਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਰਾਸ਼ਟਰੀ ਵੋਟਰ ਦਿਵਸ ਦੌਰਾਨ ਐੱਸ.ਡੀ.ਐੱਸ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਨੂੰ ਬੈੱਸਟ ਈ.ਆਰ.ਓ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਨੂੰ ਬੈੱਸਟ ਨੋਡਲ ਅਫ਼ਸਰ ਅਤੇ ਜਰਮਨ ਸਿੰਘ ਨੂੰ ਬੈੱਸਟ ਬੀ.ਐੱਲ.ਓ. ਵਜੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ. ਮਨਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਜਗਵਿੰਦਰ ਸਿੰਘ, ਸ੍ਰੀ ਆਰ.ਕੇ. ਤੁਲੀ ਪ੍ਰਿੰਸੀਪਲ ਐੱਸ.ਐੱਸ.ਐੱਸ. ਕਾਲਜ ਦੀਨਾਨਗਰ, ਪ੍ਰੋ. ਪ੍ਰਬੋਧ ਗਰੋਵਰ ਡੀਨ ਯੂਥ ਵੈੱਲਫੇਅਰ, ਪ੍ਰੋ ਸੋਨੂੰ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਦੌਰਾਨ 18-19 ਸਾਲ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡ ਤਕਸੀਮ ਕੀਤੇ ਗਏ।