ਕਾਦੀਆਂ ਵਿੱਚ ਤਿੰਨ ਮੰਜ਼ਿਲਾ ਜਨਰਲ ਸਟੋਰ ਵਿੱਚ ਲੱਗੀ ਅੱਗ, 2 ਕਰੋੜ ਰੁਪਏ ਦਾ ਨੁਕਸਾਨ
ਗੁਰਦਾਸਪੁਰ, 17 ਜਨਵਰੀ (ਦੀ ਪੰਜਾਬ ਵਾਇਰ) – ਕਾਦੀਆਂ ਸ਼ਹਿਰ ਦੇ ਬੁੱਟਰ ਰੋਡ ‘ਤੇ ਸਥਿਤ ਸ੍ਰੀ ਗੁਰੂ ਲਾਲ ਜੀ ਜਨਰਲ ਸਟੋਰ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਵੀਰਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਊ ਵਿਭਾਗ ਅਤੇ ਆਸ-ਪਾਸ ਦੇ ਲੋਕਾਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਲਗਭਗ ਅੱਠ ਘੰਟੇ ਸਖ਼ਤ ਮਿਹਨਤ ਕਰਨੀ ਪਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਨਰਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਰਾਤ ਦੇ ਕਰੀਬ ਦੋ ਵਜੇ ਕਿਸੇ ਨੇ ਉਸਨੂੰ ਫ਼ੋਨ ‘ਤੇ ਸੂਚਿਤ ਕੀਤਾ ਕਿ ਉਸਦੇ ਜਨਰਲ ਸਟੋਰ ਨੂੰ ਅੱਗ ਲੱਗ ਗਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਦੁਕਾਨ ਵਿੱਚੋਂ ਅੱਗ ਅਤੇ ਧੂੰਆਂ ਨਿਕਲ ਰਿਹਾ ਸੀ। ਇਸ ਘਟਨਾ ਨਾਲ ਉਸਦਾ ਕਰੀਬ 2 ਕਰੋੜ ਰੂਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੂੰ ਸ਼ੱਕ ਹੈ ਕਿ ਇਸਦੇ ਪਿੱਛੇ ਕਿਸੇ ਸ਼ਰਾਰਤੀ ਅਨ੍ਹਸਰ ਦਾ ਹੱਥ ਹੈ। ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਹਰਕ੍ਰਿਸ਼ਨ ਸਿੰਘ, ਕਾਦੀਆਂ ਥਾਣਾ ਇੰਚਾਰਜ ਨਿਰਮਲ ਸਿੰਘ, ਡਿਪਟੀ ਤਹਿਸੀਲਦਾਰ ਨਿਰਮਲ ਸਿੰਘ ਕਾਦੀਆਂ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।