ਡਿਪਟੀ ਕਮਿਸ਼ਨਰ ਨੇ ਬਾਲ ਭਵਨ ਗੁਰਦਾਸਪੁਰ ਵਿਖੇ ਬਿਊਟੀਸ਼ੀਅਨ ਸੈਂਟਰ ਫ਼ਾਰ ਮੈੱਨ ਦਾ ਕੀਤਾ ਉਦਘਾਟਨ
ਕਿੱਤਮੁਖੀ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਦਾ ਦੌਰਾ, ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਕੀਤਾ ਪ੍ਰੇਰਿਤ
ਮਾਨ ਕੌਰ ਸਿੰਘ ਵਿਖੇ ਚਲਾਏ ਜਾ ਰਹੇ ਪ੍ਰਾਇਮਰੀ ਸਟੱਡੀ ਸੈਂਟਰ ਦਾ ਵੀ ਦੌਰਾ ਕੀਤਾ
ਗੁਰਦਾਸਪੁਰ, 11 ਜਨਵਰੀ 2025 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਬਾਲ ਭਵਨ ਗੁਰਦਾਸਪੁਰ ਵਿਖੇ ਨਵੇਂ ਬਿਊਟੀਸ਼ੀਅਨ ਸੈਂਟਰ ਫ਼ਾਰ ਮੈੱਨ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਹੀ ਏਥੇ ਚੱਲ ਰਹੇ ਵੱਖ-ਵੱਖ ਕਿੱਤਾਮੁਖੀ ਕੋਰਸ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਪ੍ਰੋਜੈਕਟ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਸ੍ਰੀ ਰੋਮੇਸ਼ ਮਹਾਜਨ, ਸਾਬਕਾ ਸਿੱਖਿਆ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ ਅਤੇ ਸੈਂਟਰ ਦੇ ਹੋਰ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸ੍ਰੀ ਰੋਮੇਸ਼ ਮਹਾਜਨ ਦੀ ਅਗਵਾਈ ਹੇਠ ਬਾਲ ਭਵਨ ਗੁਰਦਾਸਪੁਰ ਵਿਖੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੰਪਿਊਟਰ, ਬਿਊਟੀ ਪਾਰਲਰ ਸਮੇਤ ਹੋਰ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਬਾਲ ਭਵਨ ਵਿਖੇ ਨਵੇਂ ਬਿਊਟੀਸ਼ੀਅਨ ਸੈਂਟਰ ਫ਼ਾਰ ਮੈੱਨ ਦਾ ਉਦਘਾਟਨ ਕੀਤਾ ਗਿਆ ਜਿਥੇ ਨੌਜਵਾਨ ਲੜਕਿਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਵਿੱਚ ਬਾਲ ਭਵਨ ਗੁਰਦਾਸਪੁਰ ਦਾ ਬਹੁਤ ਅਹਿਮ ਰੋਲ ਹੈ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਕਾਹਨੂੰਵਾਨ ਰੋਡ ਉੱਪਰ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਦਾ ਦੌਰਾ ਵੀ ਕੀਤਾ ਅਤੇ ਏਥੇ ਨਸ਼ਾ ਛੱਡਣ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਨਸ਼ੇ ਜਿੱਥੇ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ ਓਥੇ ਇਹ ਕਿਸੇ ਵਿਅਕਤੀ ਦੇ ਸਮਾਜਿਕ ਅਤੇ ਪਰਿਵਾਰਕ ਜੀਵਨ ਨੂੰ ਵੀ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਨੂੰ ਨਾਂਹ ਕਰਕੇ ਜ਼ਿੰਦਗੀ ਨੂੰ ਹਾਂ ਕਹਿਣ। ਇਸ ਦੌਰਾਨ ਉਨ੍ਹਾਂ ਨੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਿਆ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਮਾਨ ਕੌਰ ਸਿੰਘ ਵਿਖੇ ਸ੍ਰੀ ਰੋਮੇਸ਼ ਮਹਾਜਨ ਵੱਲੋਂ ਚਲਾਏ ਜਾ ਰਹੇ ਪ੍ਰਾਇਮਰੀ ਸਟੱਡੀ ਸੈਂਟਰ ਦਾ ਦੌਰਾ ਕੀਤਾ ਅਤੇ ਏਥੇ ਸਿੱਖਿਆ ਹਾਸਲ ਕਰਕੇ ਰਹੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਰਮੇਸ਼ ਮਹਾਜਨ ਦਾ ਇਹ ਉਪਰਾਲਾ ਸਲੱਮ ਏਰੀਏ ਦੇ ਬੱਚਿਆਂ ਨੂੰ ਵਿਦਿਆ ਦਾ ਚਾਨਣ ਦੇਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਬੱਚਿਆਂ ਦੇ ਬੇਹਤਰ ਭਵਿੱਖ ਦੀ ਕਾਮਨਾ ਕੀਤੀ।