ਗੁਰਦਾਸਪੁਰ ਦੇ ਸਬਜੀ ਮੰਡੀ ਵਿਖੇ ਮਨਾਈ ਗਈ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਿਠਾ ਦੀ ਪਹਿਲੀ ਵਰ੍ਹੇਗੰਢ
ਚੇਅਰਮੈਨ ਰਮਨ ਬਹਿਲ ਨੇ ਪਵਿੱਤਰ ਸਮਾਗਮ ਵਿੱਚ ਹਾਜ਼ਰੀ ਲਗਾ ਕੇ ਭਗਵਾਨ ਸ੍ਰੀ ਰਾਮ ਜੀ ਤੋਂ ਲਿਆ ਅਸ਼ੀਰਵਾਦ
ਗੁਰਦਾਸਪੁਰ, 11 ਜਨਵਰੀ (ਦੀ ਪੰਜਾਬ ਵਾਇਰ) – ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਿਠਾ ਦੀ ਪਹਿਲੀ ਵਰ੍ਹੇਗੰਢ ਸਬਜ਼ੀ ਮੰਡੀ ਯੂਨੀਅਨ ਆੜ੍ਹਤੀਆ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਅੱਜ ਸਵੇਰੇ ਨਵੀਂ ਸਬਜ਼ੀ ਮੰਡੀ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਆਪਣੇ ਸਾਥੀਆਂ ਨਾਲ ਉਚੇਚੇ ਤੌਰ `ਤੇ ਸ਼ਾਮਲ ਹੋ ਕੇ ਭਗਵਾਨ ਸ੍ਰੀ ਰਾਮ ਜੀ ਤੋਂ ਅਸ਼ੀਰਵਾਦ ਲਿਆ।
ਪ੍ਰਾਣ ਪ੍ਰਤੀਸ਼ਿਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਸਬਜ਼ੀ ਮੰਡੀ ਯੂਨੀਅਨ ਆੜ੍ਹਤੀਆ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਸਬਜ਼ੀ ਮੰਡੀ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਸ੍ਰੀ ਰਮਨ ਬਹਿਲ ਵੀ ਸ਼ਾਮਲ ਹੋਏ। ਇਸ ਉਪਰੰਤ ਐਸੋਸੀਏਸ਼ਨ ਵੱਲੋਂ ਮੰਡੀ ਵਿੱਚ ਸੰਗਤ ਲਈ ਅਤੁੱਟ ਲੰਗਰ ਲਗਾਇਆ ਗਿਆ।
ਭਗਵਾਨ ਸ੍ਰੀ ਰਾਮ ਜੀ ਦੀ ਅਯੁੱਧਿਆ ਵਿਖੇ ਪ੍ਰਾਣ ਪ੍ਰਤੀਸ਼ਿਠਾ ਦਾ ਇੱਕ ਸਾਲ ਪੂਰੇ ਹੋਣ `ਤੇ ਸੰਗਤ ਨੂੰ ਵਧਾਈ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਪਾਵਨ ਅਤੇ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਜਿਨ੍ਹਾਂ ਨੂੰ ਮਰਿਆਯਾ ਪੁਰਸ਼ੋਤਮ ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਸਮੁੱਚਾ ਜੀਵਨ ਤੇ ਸਿੱਖਿਆਵਾਂ ਪੂਰੇ ਵਿਸ਼ਵ ਲਈ ਕਲਿਆਣਕਾਰੀ ਹਨ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਯੂਨੀਅਨ ਆੜ੍ਹਤੀਆ ਐਸੋਸੀਏਸ਼ਨ ਗੁਰਦਾਸਪੁਰ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਇਸ ਪਾਵਨ ਦਿਨ ਨੂੰ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਰਿਆਂ ਉੱਪਰ ਆਪਣਾ ਅਸ਼ੀਰਵਾਦ ਰੱਖਣ ਅਤੇ ਹਰ ਕਿਸੇ ਦੇ ਜੀਵਨ ਖ਼ੁਸ਼ਹਾਲੀ, ਦੇਹ ਅਰੋਗਤਾ ਅਤੇ ਸ਼ਾਂਤੀ ਆਵੇ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਐਸ਼ੋਸੀਏਸ਼ਨ ਚੜ੍ਹਦੀਕਲਾ ਵਿੱਚ ਰਹੇ ਅਤੇ ਉਨ੍ਹਾਂ ਦੀ ਨੇਕ ਕਮਾਈ ਵਿੱਚ ਬਰਕਤਾਂ ਪੈਣ।
ਇਸ ਮੌਕੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਅਸ਼ੋਕ ਮਹਾਜਨ, ਰਵੀ ਮਹਾਜਨ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ, ਕਮਲ ਮਹਾਜਨ ਚੇਅਰਮੈਨ ਸਬਜ਼ੀ ਮੰਡੀ ਐਸੋਸੀਏਸ਼ਨ, ਵਾਈਸ ਪ੍ਰਧਾਨ ਧਰਮਿੰਦਰ ਕੁਮਾਰ, ਵਰਿੰਦਰ ਕੁਮਾਰ, ਮਿੰਟੂ ਸਮੇਤ ਸਬਜ਼ੀ ਮੰਡੀ ਦੇ ਸਮੂਹ ਦੁਕਾਨਦਾਰ ਅਤੇ ਆੜ੍ਹਤੀਏ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।