ਨਵੀਂ ਸਬਜ਼ੀ ਮੰਡੀ ਗੁਰਦਾਸਪੁਰ ਦੀ ਸੜਕ ਨੂੰ ਬਣਾਉਣ ਦਾ ਪ੍ਰੋਜੈਕਟ ਮਨਜ਼ੂਰ ਕਰਵਾਉਣ ਲਈ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕੀਤਾ
ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਕੇ ਚੇਅਰਮੈਨ ਰਮਨ ਬਹਿਲ ਨੇ ਨਵੀਂ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ – ਸਬਜ਼ੀ ਮੰਡੀ ਐਸੋਸੀਏਸ਼ਨ
ਚੇਅਰਮੈਨ ਰਮਨ ਬਹਿਲ ਵਿਕਾਸ ਪੁਰਸ਼ ਅਤੇ ਗੁਰਦਾਸਪੁਰ ਨੂੰ ਉਨ੍ਹਾਂ ਕੋਲੋਂ ਵੱਡੀਆਂ ਉਮੀਦਾਂ – ਪ੍ਰਧਾਨ ਰਵੀ ਕੁਮਾਰ
ਗੁਰਦਾਸਪੁਰ, 10 ਜਨਵਰੀ 2025 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਨਵੀਂ ਸਬਜ਼ੀ ਮੰਡੀ ਗੁਰਦਾਸਪੁਰ ਦੀ ਮੁੱਖ ਸੜਕ ਨੂੰ ਸੀਮੈਂਟ-ਕੰਕਰੀਟ ਨਾਲ ਨਵੀਂ ਸੜਕ ਬਣਾਉਣ ਦੇ ਪ੍ਰੋਜੈਕਟ ਨੂੰ ਪਾਸ ਕਰਨ ਲਈ ਨਵੀਂ ਸਬਜ਼ੀ ਮੰਡੀ ਦੇ ਸਮੂਹ ਦੁਕਾਨਦਾਰ ਬਹੁਤ ਖ਼ੁਸ਼ ਹਨ ਅਤੇ ਦਹਾਕਿਆਂ ਪੁਰਾਣੀ ਇਹ ਮੰਗ ਪੂਰੀ ਹੋਣ ‘ਤੇ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ, ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ ਨੇ ਚੇਅਰਮੈਨ ਰਮਨ ਬਹਿਲ ਦਾ ਦਿਲੀ ਧੰਨਵਾਦ ਕੀਤਾ ਹੈ।
ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ, ਗੁਰਦਾਸਪੁਰ ਦੇ ਚੇਅਰਮੈਨ ਕਮਲ ਮਹਾਜਨ, ਪ੍ਰਧਾਨ ਰਵੀ ਕੁਮਾਰ, ਵਾਈਸ ਪ੍ਰਧਾਨ ਧਰਮਿੰਦਰ ਕੁਮਾਰ ਸਮੇਤ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਸਬਜ਼ੀ ਮੰਡੀ ਗੁਰਦਾਸਪੁਰ ਦੀ ਮੁੱਖ ਸੜਕ ਲੰਮੇ ਤੋਂ ਟੁੱਟੀ ਹੋਈ ਸੀ ਜਿਸ ਕਾਰਨ ਗ੍ਰਾਹਕਾਂ ਨੂੰ ਮੰਡੀ ਵਿੱਚ ਆਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਨਾਲ ਸਬਜ਼ੀ ਮੰਡੀ ਦੇ ਦੁਕਾਨਾਂ ਦੀ ਗ੍ਰਾਹਕੀ ਵੀ ਘੱਟ ਹੋਈ ਸੀ। ਚੇਅਰਮੈਨ ਕਮਲ ਮਹਾਜਨ ਨੇ ਸੜਕ ਬਣਾਉਣ ਦੀ ਇਹ ਮੰਗ ਬੜੀ ਪੁਰਾਣੀ ਸੀ ਅਤੇ ਅਖੀਰ ਉਨ੍ਹਾਂ ਨੇ ਇਸ ਮਸਲੇ ਦੇ ਹੱਲ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਕੋਲ ਪਹੁੰਚ ਕੀਤੀ ਸੀ। ਸ੍ਰੀ ਰਮਨ ਬਹਿਲ ਨੇ ਉਨ੍ਹਾਂ ਦੀ ਮੁਸ਼ਕਲ ਨੂੰ ਬੜੇ ਗ਼ੌਰ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ।
ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ, ਗੁਰਦਾਸਪੁਰ ਦੇ ਪ੍ਰਧਾਨ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਨਵੀਂ ਸਬਜ਼ੀ ਮੰਡੀ ਦੀ ਸੜਕ ਨੂੰ ਬਣਾਉਣ ਦਾ ਪ੍ਰੋਜੈਕਟ ਮਨਜ਼ੂਰ ਕਰ ਲਿਆ ਹੈ ਅਤੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸੀਮੈਂਟ-ਕੰਕਰੀਟ ਦੀ ਇਸ ਸੜਕ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਬਹਿਲ ਨੇ ਗੁਰਦਾਸਪੁਰ ਦੇ ਵੱਖ-ਵੱਖ ਮਸਲੇ ਹੱਲ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਸੱਚੇ ਵਿਕਾਸ ਪੁਰਸ਼ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਸ੍ਰੀ ਰਮਨ ਬਹਿਲ ਕੋਲੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਨਵੀਂ ਸਬਜ਼ੀ ਮੰਡੀ ਦੀ ਸੜਕ ਦਾ ਮਸਲਾ ਹੱਲ ਹੋਣ ‘ਤੇ ਮੰਡੀ ਦੇ ਸਮੂਹ ਦੁਕਾਨਦਾਰ ਅਤੇ ਆਮ ਸ਼ਹਿਰੀ ਬਹੁਤ ਖ਼ੁਸ਼ ਹਨ ਅਤੇ ਉਨ੍ਹਾਂ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਦਿਲੀ ਧੰਨਵਾਦ ਕੀਤਾ ਹੈ।