ਪੰਜਾਬ ਮੰਡੀ ਬੋਰਡ ਵੱਲੋਂ ਸਬਜ਼ੀ ਮੰਡੀ ਦੀ ਸੜਕ ਨੂੰ ਸੀਮੈਂਟ-ਕੰਕਰੀਟ ਨਾਲ ਬਣਾਉਣ ਉੱਪਰ ਖ਼ਰਚ ਕੀਤੇ ਜਾਣਗੇ 1 ਕਰੋੜ ਰੁਪਏ
ਗੁਰਦਾਸਪੁਰ, 09 ਜਨਵਰੀ 2025 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਸਬਜ਼ੀ ਮੰਡੀ ਗੁਰਦਾਸਪੁਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਸਬਜ਼ੀ ਮੰਡੀ ਦੀ ਮੁੱਖ ਸੜਕ ਨੂੰ ਸੀਮੈਂਟ-ਕੰਕਰੀਟ ਨਾਲ ਨਵੀਂ ਸੜਕ ਬਣਾਉਣ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਸਬਜ਼ੀ ਮੰਡੀ ਦੀ ਇਹ ਸੜਕ ਬਣਾਉਣ ਉੱਪਰ ਪੰਜਾਬ ਮੰਡੀ ਬੋਰਡ ਵੱਲੋਂ ਇੱਕ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਬਜ਼ੀ ਮੰਡੀ ਗੁਰਦਾਸਪੁਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਗੁਰਦਾਸਪੁਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਸਬਜ਼ੀ ਮੰਡੀ ਦੀ ਸੜਕ ਨੂੰ ਬਣਾਇਆ ਜਾਵੇ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਇਹ ਮਸਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਕੇ ਇਸ ਮਸਲੇ ਦੀ ਪੈਰਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਨਵੇਂ ਸਾਲ ਮੌਕੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਇਸ ਸੜਕ ਨੂੰ ਸੀਮੈਂਟ-ਕੰਕਰੀਟ ਦੀ ਨਵੀਂ ਸੜਕ ਬਣਾਉਣ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਇਸ ਸੜਕ ਨੂੰ ਸੀਮੈਂਟ-ਕੰਕਰੀਟ ਦੀ ਬਣਾਇਆ ਜਾਵੇਗਾ ਜਿਸ ਉੱਪਰ ਇੱਕ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਅਪਰੋਚ ਰੋਡ ਨਵੀਂ ਬਣਨ ਨਾਲ ਗ੍ਰਾਹਕ ਅਸਾਨੀ ਨਾਲ ਸਬਜ਼ੀ ਮੰਡੀ ਵਿੱਚ ਜਾ ਸਕਣਗੇ ਜਿਸ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦੀ ਗ੍ਰਾਹਕੀ ਵਿੱਚ ਵੀ ਵਾਧਾ ਹੋਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਬਜ਼ੀ ਮੰਡੀ ਗੁਰਦਾਸਪੁਰ ਦੀ ਅਪਰੋਚ ਰੋਡ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਸਥਾਨਿਕ ਨੁਮਾਇੰਦੇ ਸਿਰਫ਼ ਆਪਣੇ ਆਪ ਅਤੇ ਆਪਣੇ ਨਿੱਜੀ ਮੁਫ਼ਾਦਾਂ ਤੱਕ ਹੀ ਸੀਮਤ ਹਨ ਅਤੇ ਉਨ੍ਹਾਂ ਲਈ ਲੋਕਾਂ ਦੇ ਮੁੱਦੇ ਕੋਈ ਮਾਅਨੇ ਨਹੀਂ ਰੱਖਦੇ। ਸ੍ਰੀ ਬਹਿਲ ਨੇ ਕਿਹਾ ਕਿ ਲੋਕਾਈ ਦੀ ਸੇਵਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਸਵਰਗੀ ਪਿਤਾ ਸ੍ਰੀ ਖ਼ੁਸ਼ਹਾਲ ਬਹਿਲ ਪਾਸੋਂ ਮਿਲੀ ਸੀ ਅਤੇ ਉਹ ਆਪਣੀ ਇਸ ਪਰਿਵਾਰਕ ਰਿਵਾਇਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਦੀ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਨ ਅਤੇ ਵਿਕਾਸ ਪੱਖੋਂ ਹਲਕਾ ਗੁਰਦਾਸਪੁਰ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।