ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਰੋਹ ਦੌਰਾਨ ਜ਼ਿਲ੍ਹੇ ਦੀਆਂ 100 ਨਵ-ਜੰਮੀਆਂ ਧੀਆਂ ਨੂੰ ਲੋਹੜੀ ਪਾਈ

ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਰੋਹ ਦੌਰਾਨ ਜ਼ਿਲ੍ਹੇ ਦੀਆਂ 100 ਨਵ-ਜੰਮੀਆਂ ਧੀਆਂ ਨੂੰ ਲੋਹੜੀ ਪਾਈ
  • PublishedJanuary 8, 2025

ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਮੌਕੇ ਦੇਣ ਦਾ ਸੱਦਾ ਦਿੱਤਾ

ਧੀਆਂ ਨੇ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਮੋਹਰੀ ਹੋ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 08 ਜਨਵਰੀ 2024 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਗੋਲਡਨ ਗਰੁੱਪ ਆਫ਼ ਇੰਸਟੀਚਿਊਟ, ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।

ਧੀਆਂ ਦੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਐੱਸ.ਡੀ.ਐੱਮ, ਗੁਰਦਾਸਪੁਰ ਡਾ. ਕਰਮਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਜਸਮੀਤ ਕੌਰ, ਸਿਵਲ ਸਰਜਨ ਡਾ. ਭਾਰਤ ਭੂਸ਼ਨ, ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਦੇ ਐੱਮ.ਡੀ. ਸ੍ਰੀ ਮੋਹਿਤ ਮਹਾਜਨ, ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਡਾ. ਤਜਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਤੋਂ ਸ੍ਰੀ ਸੁਨੀਲ ਕੁਮਾਰ, ਸ੍ਰੀ ਧੀਰਜ ਸ਼ਰਮਾ, ਅੰਕੁਸ਼ ਸ਼ਰਮਾ ਸਮੇਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਨਾਰੀ ਸ਼ਕਤੀ ਕੇਂਦਰ ਦਾ ਸਮੂਹ ਸਟਾਫ਼ ਹਾਜ਼ਰ ਸੀ।

ਨਵ-ਜੰਮੀਆਂ ਧੀਆਂ ਦੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੀਆਂ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਨਾਲ ਜ਼ਿਲ੍ਹੇ ਦੀਆਂ 100 ਨਵ-ਜੰਮੀਆਂ ਬੱਚੀਆਂ ਨੂੰ ਬੇਬੀ ਸੂਟ ਅਤੇ ਲੋਹੜੀ ਦਾ ਸਮਾਨ ਲੋਹੜੀ ਦੇ ਉਪਹਾਰ ਵਜੋਂ ਵੰਡਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੀ ਹੋਣ-ਹਾਰ ਵਿਦਿਆਰਥਣ ਮਿਸ ਕਾਜਲ ਜੋ ਕਿ 100 ਫ਼ੀਸਦੀ ਦਿਵਿਆਂਗ ਹੈ, ਨੂੰ ਯੂ.ਪੀ.ਐੱਸ.ਸੀ. ਦੀ ਤਿਆਰੀ ਲਈ 5100 ਰੁਪਏ ਦੀ ਰਾਸ਼ੀ ਹੌਸਲਾ ਅਫ਼ਜਾਈ ਵਜੋਂ ਦਿੱਤੀ ਗਈ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਨਵ-ਜੰਮੀਆਂ ਧੀਆਂ ਦੇ ਮਾਪਿਆਂ ਤੇ ਪਰਿਵਾਰਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਉਨ੍ਹਾਂ ਕਿਹਾ ਕਿ ਧੀਆਂ ਘਰ ਦੀ ਲੱਛਮੀ ਅਤੇ ਰੌਣਕ ਹੁੰਦੀਆਂ ਹਨ ਅਤੇ ਧੀਆਂ ਨਾਲ ਹੀ ਹਰ ਘਰ ਸੋਭਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣ ਤਾਂ ਜੋ ਇਹ ਧੀਆਂ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀਆਂ ਧੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਤ ਕਰ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਵੀ ਨਵ-ਜੰਮੀਆਂ ਧੀਆਂ ਦੇ ਮਾਪਿਆਂ ਨੂੰ ਲੋਹੜੀ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਧੀਆਂ ਨੇ ਆਪਣੀ ਕਾਬਲੀਅਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਮੌਕੇ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਲੜਕਿਆਂ ਨੂੰ ਪਛਾੜ ਕੇ ਅੱਗੇ ਨਿਕਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਾੜ ਤੋਂ ਲੈ ਕੇ ਹਰ ਖੇਤਰ ਵਿੱਚ ਲੜਕੀਆਂ ਮੋਹਰੀ ਹਨ ਅਤੇ ਲੜਕੀਆਂ ਵੱਲੋਂ ਸਫਲਤਾ ਦੀਆਂ ਨਿੱਤ ਨਵੀਆਂ ਇਬਾਰਤਾਂ ਲਿਖੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਹਾਲਾਂਕਿ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਵਿੱਚ ਤਬਦੀਲੀ ਤਾਂ ਆਈ ਹੈ ਪਰ ਅਜੇ ਵੀ ਲੜਕੇ ਤੇ ਲੜਕੀ ਵਿੱਚ ਜੋ ਭੇਦਭਾਵ ਕੀਤਾ ਜਾਂਦਾ ਹੈ ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਪ੍ਰਤੀ ਲੋਕਾਂ ਦੀ ਹਾਂ-ਪੱਖੀ ਸੋਚ ਨੂੰ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਧੀਆਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਜਿਸ ਵੀ ਖੇਤਰ ਵਿੱਚ ਉਹ ਜਾਣਾ ਚਾਹੁੰਦੀਆਂ ਹਨ ਉਸ ਦੀ ਤਿਆਰੀ ਲਈ ਪੂਰੀ ਮਿਹਨਤ ਕਰਨ, ਸਫਲਤਾ ਉਨ੍ਹਾਂ ਦੇ ਕਦਮਾਂ ਨੂੰ ਜ਼ਰੂਰ ਛੂਹੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਵੀ ਅਪੀਲ ਕੀਤੀ ਕਿ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਤਾਂ ਜੋ ਉਹ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਧੀਆਂ ਨੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ, ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ’ਤੇ ਮਾਣ ਹੈ।

Written By
The Punjab Wire