Close

Recent Posts

ਗੁਰਦਾਸਪੁਰ ਪੰਜਾਬ

ਡਾ.ਓਬਰਾਏ ਦੇ ਯਤਨਾਂ ਸਦਕਾ 25 ਦਿਨਾਂ ਬਾਅਦ ਗੁਰਦਾਸਪੁਰ ਦੇ ਮਨਦੀਪ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਡਾ.ਓਬਰਾਏ ਦੇ ਯਤਨਾਂ ਸਦਕਾ 25 ਦਿਨਾਂ ਬਾਅਦ ਗੁਰਦਾਸਪੁਰ ਦੇ ਮਨਦੀਪ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ
  • PublishedDecember 25, 2024

ਡਾ.ਓਬਰਾਏ ਨੇ ਹੁਣ ਤੱਕ 381 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ : ਹੇਰ

ਅੰਮ੍ਰਿਤਸਰ ,25 ਦਸੰਬਰ 2024 ( ਦੀ ਪੰਜਾਬ ਵਾਇਰ )। ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਸਹਿਯੋਗ ਸਦਕਾ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟ ਮੰਜਲਸ ਨਾਲ ਸਬੰਧਤ 39 ਸਾਲਾ ਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਦਾ ਮ੍ਰਿਤਕ ਸਰੀਰ ਮੌਤ ਤੋਂ ਕਰੀਬ 25 ਦਿਨਾਂ ਬਾਅਦ ਬਾਅਦ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਵੱਲੋਂ ਪ੍ਰਾਪਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਮਨਦੀਪ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਕੁਝ ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਕੰਮਕਾਜ ਲਈ ਆਇਆ ਸੀ ਅਤੇ ਅਜੇ ਬੀਤੀ 22 ਨਵੰਬਰ ਨੂੰ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਆਇਆ ਸੀ ਕਿ ਦੁਬਈ ਪਹੁੰਚਣ ਤੋਂ ਕੁਝ ਦਿਨ ਬਾਅਦ ਹੀ 1 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਉਸ ਦੀ ਮੌਤ ਹੋ ਗਈ। ਡਾ.ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਪੀੜਤ ਪਰਿਵਾਰ ਨੇ ਸੰਪਰਕ ਕਰਕੇ ਮਨਦੀਪ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਕਿਹਾ ਸੀ। ਜਿਸ ਉਪਰੰਤ ਭਾਰਤੀ ਦੂਤਾਵਾਸ ਦੀ ਮਦਦ ਨਾਲ ਉਨ੍ਹਾਂ ਆਪਣੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਦੀ ਦੇਖ ਰੇਖ ‘ਚ ਸਾਰੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਅੱਜ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਇਆ ਹੈ। ਡਾ.ਓਬਰਾਏ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਮਨਦੀਪ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਪਰਿਵਾਰ ਵੱਲੋਂ ਹੀ ਕੀਤਾ ਗਿਆ ਹੈ।

ਮ੍ਰਿਤਕ ਸਰੀਰ ਲੈਣ ਹਵਾਈ ਅੱਡੇ ਤੇ ਪਹੁੰਚੇ ਮਨਦੀਪ ਸਿੰਘ ਦੇ ਜੀਜੇ ਸੰਦੀਪ ਸਿੰਘ ਤੇ ਜਗਦੀਸ਼ ਸਿੰਘ,ਚਾਚਾ ਗੁਰਮੀਤ ਸਿੰਘ, ਹਰਜੀਤ ਸਿੰਘ,ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਆਦਿ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮਨਦੀਪ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ,ਭੈਣ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਰੋਂਦਿਆਂ ਛੱਡ ਗਿਆ ਹੈ। ਉਨ੍ਹਾਂ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਪਰਉਪਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

ਟਰੱਸਟ ਦੇ ਅਹੁਦੇਦਾਰਾਂ ਅਨੁਸਾਰ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 381 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

Written By
The Punjab Wire