ਐਸਐਸਪੀ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ, ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਬਖਸ਼ੀਵਾਲ ਧਮਾਕੇ ਸਬੰਧੀ ਵਿਸਫੋਟਕ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਗੁਰਦਾਸਪੁਰ, ਕਲਾਨੌਰ, 21 ਦਿਸੰਬਰ 2024 (ਦੀ ਪੰਜਾਬ ਵਾਇਰ, ਰਾਜਨ ਸ਼ਰਮਾ)। ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਕਲਾਨੌਰ ਵਿੱਚ ਪਿਛਲੇ 48 ਘੰਟਿਆਂ ਵਿੱਚ ਦੂਜੀ ਵੱਡੀ ਘਟਨਾ ਸਾਹਮਣੇ ਆਈ ਹੈ। ਚੌਕੀ ਬਖਸ਼ੀਵਾਲ ‘ਤੇ ਹਮਲੇ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਬੰਦ ਪਈ ਪੁਲਸ ਚੌਕੀ ਵਡਾਲਾ ਬਾਂਗਰ ‘ਚ ਧਮਾਕਾ ਹੋਇਆ। ਧਮਾਕੇ ਕਾਰਨ ਆਲੇ ਦੁਆਲੇ ਦੇ ਘਰਾਂ ਦੇ ਲੋਕ ਡਰ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਚੌਕੀ ਦੇ ਦਰਵਾਜ਼ੇ ਦਾ ਸ਼ੀਸ਼ਾ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਇਹ ਚੌਕੀ ਬੰਦ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨ ਪੱਖੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਵਡਾਲਾ ਬਾਂਗਰ ‘ਚ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਇਸਦੀ ਪੁਸ਼ਟੀ ਕਿਸੇ ਵੱਲੋਂ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਸ ਚੌਕੀ ‘ਚ ਫੋਰੈਂਸਿਕ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਪੁਲਿਸ ਚੌਕੀ ਬਖਸ਼ੀਵਾਲ ਵਿਖੇ ਹੋਏ ਹਮਲੇ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109, 324 (4) ਅਤੇ ਐਕਸਪਲੋਸਿਵ ਐਕਟ 4,5 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਡਾਲਾ ਬਾਂਗਰ ਚੌਕੀ ਰਾਤ ਸਮੇਂ ਧਮਾਕੇ ਨਾਲ ਹਿੱਲ ਗਈ। ਜਦੋਂ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਥਾਣੇ ਤੋਂ ਆਵਾਜ਼ ਆਈ ਹੈ। ਇਸ ਤੋਂ ਬਾਅਦ ਰਾਤ ਭਰ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲੇ ‘ਚ ਪੁਲਸ ਚੌਕੀ ‘ਚ ਦੂਜੀ ਵਾਰ ਧਮਾਕਾ ਹੋਇਆ ਹੈ। ਵਧਦੀਆਂ ਘਟਨਾਵਾਂ ਕਾਰਨ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਨ੍ਹਾਂ ਸਾਰੇ ਹਮਲਿਆਂ ਵਿੱਚ ਸਿਰਫ਼ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਹਾਲਾਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਹਮਲਿਆਂ ਅੰਦਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਿਰਫ਼ ਬੰਦ ਚੌਂਕਿਆ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਵਾਸੀ ਜੌੜਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਪੁਲਸ ਚੌਕੀ ਵਡਾਲਾ ਬਾਂਗਰ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਦਿਲ ਦੀ ਮਰੀਜ਼ ਹੈ, ਧਮਾਕੇ ਦੀ ਆਵਾਜ਼ ਕਾਰਨ ਉਸ ਦੀ ਹਾਲਤ ਵਿਗੜ ਗਈ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਪਹੁੰਚੇ ਐਸਐਸਪੀ ਹਰੀਸ਼ ਦਾਇਮਾ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਡੀਐਸਪੀ ਅਤੇ ਕੰਟਰੋਲ ਰੂਮ ਨੂੰ ਫੋਨ ਕਰਕੇ ਹਮਲੇ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੇਖਿਆ ਗਿਆ ਕਿ ਸ਼ੀਸ਼ੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।