ਗੁਰਦਾਸਪੁਰ

ਨਗਰ ਨਿਗਮ ਬਟਾਲਾ ਦੀ ਉਪ ਚੋਣ ਦੌਰਾਨ ਗਲਤ ਢੰਗ ਨਾਲ ਐੱਨ.ਓ.ਸੀ. ਜਾਰੀ ਕਰਨ ਵਾਲੇ 2 ਕਰਮਚਾਰੀਆਂ ਨੂੰ ਮੁਅੱਤਲ ਕੀਤਾ

ਨਗਰ ਨਿਗਮ ਬਟਾਲਾ ਦੀ ਉਪ ਚੋਣ ਦੌਰਾਨ ਗਲਤ ਢੰਗ ਨਾਲ ਐੱਨ.ਓ.ਸੀ. ਜਾਰੀ ਕਰਨ ਵਾਲੇ 2 ਕਰਮਚਾਰੀਆਂ ਨੂੰ ਮੁਅੱਤਲ ਕੀਤਾ
  • PublishedDecember 14, 2024

ਇੱਕ ਆਊਟਸੋਰਸ ਕਰਮਚਾਰੀ ਦੀਆਂ ਸੇਵਾਵਾਂ ਖਤਮ ਕੀਤੀਆਂ

ਬਟਾਲਾ/ਗੁਰਦਾਸਪੁਰ, 14 ਦਸੰਬਰ 2024 (ਦੀ ਪੰਜਾਬ ਵਾਇਰ )। ਨਗਰ ਨਿਗਮ ਬਟਾਲਾ ਦੇ ਵਾਰਡ ਨੰਬਰ 24 ਦੀ ਉਪ ਚੋਣ ਦੌਰਾਨ ਗਲਤ ਐੱਨ.ਓ.ਸੀ. ਦੇਣ ਕਾਰਨ ਨਗਰ ਨਿਗਮ ਬਟਾਲਾ ਦੇ ਇੱਕ ਕਰਮਚਾਰੀ ਨੂੰ ਨੌਂਕਰੀ ਤੋਂ ਬਰਖਾਸਤ (ਡਿਸਮਿਸ) ਅਤੇ ਦੋ ਹੋਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲਿਖਤੀ ਹੁਕਮ ਅੱਜ ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋਂ ਜਾਰੀ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਨਗਰ ਨਿਗਮ ਬਟਾਲਾ ਦੀ ਪ੍ਰਾਪਰਟੀ ਟੈਕਸ ਇੰਸਪੈਕਟਰ ਸ੍ਰੀਮਤੀ ਨੀਲਮ ਅਤੇ ਹੈੱਡ ਡਰਾਫਟਸਮੈਨ ਸ੍ਰੀ ਅਜੈਬ ਸਿੰਘ ਨੇ ਵਾਰਡ ਨੰਬਰ 24 ਦੀ ਉਪ ਚੋਣ ਵਿੱਚ ਹਿੱਸਾ ਲੈ ਰਹੇ ਉਮੀਦਵਾਰ ਬਲਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਆਲੋਵਾਲ ਨੂੰ ਗਲਤ ਤਰੀਕੇ ਨਾਲ ਐੱਨ.ਓ.ਸੀ. ਜਾਰੀ ਕੀਤਾ ਗਿਆ ਸੀ। ਜਦੋਂ ਇਸ ਸਬੰਧੀ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਗਈ ਤਾਂ ਇਹ ਦੋਸ਼ ਸਹੀ ਪਾਏ ਗਏ। ਚੋਣਾਂ ਵਰਗੇ ਅਹਿਮ ਕੰਮ ਵਿੱਚ ਵਰਤੀ ਗਈ ਅਜਿਹੀ ਗੰਭੀਰ ਕੋਤਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋਂ ਇਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਨਗਰ ਨਿਗਮ ਬਟਾਲਾ ਦੇ ਇੱਕ ਹੋਰ ਕਰਮਚਾਰੀ ਰਵਿੰਦਰ ਸਿੰਘ ਜੋ ਆਉਟਸੋਰਸ ਉੱਪਰ ਕੰਮ ਕਰ ਰਿਹਾ ਸੀ ਵੱਲੋਂ ਵੀ ਗਲਤ ਢੰਗ ਨਾਲ ਉਪ ਚੋਣ ਵਿੱਚ ਹਿੱਸਾ ਲੈ ਰਹੇ ਉਮੀਦਵਾਰਾਂ ਬਲਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੂੰ ਗਲਤ ਐੱਨ.ਓ.ਸੀ. ਜਾਰੀ ਕੀਤੀ ਗਈ ਸੀ। ਇਸ ਗੰਭੀਰ ਕੁਤਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ ਇਸ ਕਰਮਚਾਰੀ ਦੀਆਂ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਖਤਮ ਕਰ ਦਿੱਤੀਆਂ ਹਨ।

Written By
The Punjab Wire