ਦਿੱਲੀ ਤੋਂ ਪਠਾਨਕੋਟ ਵਾਇਆ ਗੁਰਦਾਸਪੁਰ ਨਵੀਂ ਸ਼ਤਾਬਦੀ ਰੇਲਗੱਡੀ ਬਾਰੇ ਸੰਸਦ ਵਿੱਚ ਚਰਚਾ
ਨਵੀਂ ਦਿੱਲੀ, 27 ਨਵੰਬਰ 2024 (ਦੀ ਪੰਜਾਬ ਵਾਇਰ)। ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸੰਸਦ ਮੈਂਬਰ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਤੋਂ ਗੁਰਦਾਸਪੁਰ ਵਾਇਆ ਪਠਾਨਕੋਟ ਲਈ ਨਵੀਂ ਸ਼ਤਾਬਦੀ ਰੇਲਗੱਡੀ ਸ਼ੁਰੂ ਕਰਨ ਦੀ ਮੰਗ ਕਰਦਿਆਂ ਸਵਾਲ ਉਠਾਇਆ। ਉਨ੍ਹਾਂ ਗੁਰਦਾਸਪੁਰ ਖੇਤਰ ਦੇ ਬਿਹਤਰ ਰੇਲ ਸੰਪਰਕ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ‘ਤੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਵਰਤਮਾਨ ਵਿੱਚ ਦਿੱਲੀ ਅਤੇ ਪਠਾਨਕੋਟ ਵਿਚਕਾਰ ਚਾਰ ਮੇਲ/ਐਕਸਪ੍ਰੈਸ ਰੇਲ ਗੱਡੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਗੁਰਦਾਸਪੁਰ ਵਿੱਚੋਂ ਲੰਘਦੀਆਂ ਹਨ: ਜੋ ਇਸ ਪ੍ਰਕਾਰ ਹਨ।
18101/02 ਟਾਟਾਨਗਰ-ਜੰਮੂ ਤਵੀ ਐਕਸਪ੍ਰੈਸ
18309/10 ਬਿਲਾਸਪੁਰ-ਜੰਮੂ ਤਵੀ ਐਕਸਪ੍ਰੈਸ
22429/30 ਦਿੱਲੀ-ਪਠਾਨਕੋਟ ਐਕਸਪ੍ਰੈਸ
ਉਨ੍ਹਾਂ ਕਿਹਾ ਕਿ ਸ਼ਤਾਬਦੀ ਟਰੇਨ ਵਾਂਗ ਕੋਈ ਵੀ ਨਵੀਂ ਰੇਲ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਆਵਾਜਾਈ ਦੀ ਮੰਗ, ਸੰਚਾਲਨ ਦੀ ਸੰਭਾਵਨਾ ਅਤੇ ਸਾਧਨਾਂ ਦੀ ਉਪਲਬਧਤਾ ਵਰਗੀਆਂ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਫਿਲਹਾਲ ਇਸ ਰੂਟ ‘ਤੇ ਸ਼ਤਾਬਦੀ ਰੇਲਗੱਡੀ ਲਈ ਕੋਈ ਪ੍ਰਸਤਾਵ ਮਨਜ਼ੂਰ ਨਹੀਂ ਕੀਤਾ ਗਿਆ ਹੈ, ਪਰ ਰੇਲਵੇ ਖੇਤਰੀ ਜ਼ਰੂਰਤਾਂ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਸੁਧਾਰ ਦੀ ਪ੍ਰਕਿਰਿਆ ਜਾਰੀ ਹੈ।
ਗੁਰਦਾਸਪੁਰ ਅਤੇ ਪਠਾਨਕੋਟ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਤੇਜ਼ ਅਤੇ ਆਰਾਮਦਾਇਕ ਰੇਲ ਸੇਵਾਵਾਂ ਦੀ ਮੰਗ ਹੈ। ਇਸ ਚਰਚਾ ਤੋਂ ਬਾਅਦ ਸਥਾਨਕ ਨਾਗਰਿਕਾਂ ਅਤੇ ਵਪਾਰਕ ਸੰਗਠਨਾਂ ਵਿੱਚ ਆਸ ਬੱਝੀ ਹੈ ਕਿ ਜਲਦੀ ਹੀ ਇਸ ਖੇਤਰ ਨੂੰ ਨਵੀਆਂ ਰੇਲ ਸਹੂਲਤਾਂ ਦਾ ਲਾਭ ਮਿਲੇਗਾ, ਜਿਸ ਨਾਲ ਸੈਰ-ਸਪਾਟੇ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ।