ਗੁਰਦਾਸਪੁਰ ਪੰਜਾਬ ਵਿਸ਼ੇਸ਼

ਹਲਕਾ ਡੇਰਾ ਬਾਬਾ ਨਾਨਕ ਅੰਦਰ ਰੰਧਾਵਾ ਬਣਾਮ ਰੰਧਾਵਾ: 2024 ਦੀਆਂ ਜ਼ਿਮਨੀ ਚੋਣਾਂ ਬਣਿਆ ਵਕਾਰ ਦਾ ਸਵਾਲ

ਹਲਕਾ ਡੇਰਾ ਬਾਬਾ ਨਾਨਕ ਅੰਦਰ ਰੰਧਾਵਾ ਬਣਾਮ ਰੰਧਾਵਾ: 2024 ਦੀਆਂ ਜ਼ਿਮਨੀ ਚੋਣਾਂ ਬਣਿਆ ਵਕਾਰ ਦਾ ਸਵਾਲ
  • PublishedNovember 19, 2024

ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਸਮਰਥਨ ਨੇ ਕਾਂਗਰਸ ਲਈ ਰਾਹ ਥੋੜੀ ਔਖੀ ਕੀਤੀ ਪਰ ਅਸੰਭਵ ਨਹੀਂ

ਸਾਰੀਆਂ ਹੀ ਪਾਰਟੀਆਂ ਲਈ ਅਹਿਮ ਹਨ ਡੇਰਾ ਬਾਬਾ ਨਾਨਕ ਦੀ ਇਹ ਜ਼ਿਮਨੀ ਚੋਣ

ਗੁਰਦਾਸਪੁਰ, 19 ਨਵੰਬਰ 2024 (ਮੰਨਣ ਸੈਣੀ)। ਹਲਕਾ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੌਣਾਂ ਲਈ ਚੋਣ ਪ੍ਰਚਾਰ ਖ਼ਤਮ ਹੋ ਚੁੱਕਾ ਹੈ ਅਤੇ ਕੱਲ ਵੋਟਾਂ ਹੋਣ ਜਾ ਰਹਿਆ ਹਨ। ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਣਾ ਨੂੰ ਲੈ ਕੇ ਜਿੱਥੇ ਪੁਖਤਾ ਇੰਤਜਾਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਥੇ ਹੀ ਲੱਗਭਗ ਸਭ ਮੁੱਖ ਪਾਰਟੀਆਂ ਲਈ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਇਸ ਦੇ ਬਾਵਜੂਦ ਹਲਕਾ ਡੇਰਾ ਬਾਬਾ ਅੰਦਰ ਅਹਿਮ ਲੜਾਈ ਕਾਂਗਰਸ ਅਤੇ ਆਪ ਦਰਮਿਆਨ ਵੇਖੀ ਜਾ ਰਹੀ ਹੈ। ਕਾਂਗਰਸ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਅਤੇ ਆਮ ਆਦਮੀ ਪਾਰਟੀ ਤੋਂ ਗੁਰਦੀਪ ਸਿੰਘ ਰੰਧਾਵਾ ਚੋਣ ਮੈਦਾਨ ਵਿੱਚ ਹਨ। ਭਾਜਪਾ ਨੇ ਇਸ ਸੀਟ ਤੋਂ ਪੰਜਾਬ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਸਿੰਘ ਕਾਹਲੋਂ ਤੇ ਦਾਅ ਖੇਡਿਆ ਹੈ।

ਹਲਕਾ ਡੇਰਾ ਬਾਬਾ ਨਾਨਕ ਅੰਦਰ ਵੋਟਰਾਂ ਦੀ ਕੁੱਲ ਗਿਣਤੀ

ਹਲਕਾ ਡੇਰਾ ਬਾਬਾ ਨਾਨਕ ਵਿੱਚ ਕੱਲ 1 ਲੱਖ 93 ਹਜ਼ਾਰ 376 ਵੋਟਰ ਹਨ। ਜਦਕਿ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 241 ਹੈ। ਇੱਥੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 61 ਹੈ। ਡੇਰਾ ਬਾਬਾ ਨਾਨਕ ਵਿੱਚ ਚੋਣ ਡਿਊਟੀ ਨਿਭਾ ਰਹੇ ਅਮਲੇ ਦੀ ਗਿਣਤੀ 701 ਹੈ।

2022 ਦੀਆਂ ਵਿਧਾਨਸਭਾ ਚੋਣਾਂ ਅੰਦਰ ਹਲਕੇ ਦੇ ਨਤੀਜੇ

ਇਹ ਹਲਕੇ ਅੰਦਰ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਮਹਿਜ 466 ਦੇ ਅੰਤਰ ਨਾਲ ਅਕਾਲੀ ਦਲ ਦੇ ਰਵਿਕਰਨ ਸਿੰਘ ਕਾਹਲੋਂ ਤੋਂ ਜਿੱਤੇ ਸਨ। ਸੁਖਜਿੰਦਰ ਰੰਧਾਵਾ ਨੂੰ 52 ਹਜਾਰ 555 ਵੋਟਾਂ ਪਇਆ ਜਦਕਿ ਰਵੀਕਰਨ ਸਿੰਘ ਕਾਹਲੋਂ ਨੂੰ 52 ਹਜਾਰ 089 ਵੋਟਾਂ ਹਾਸਿਲ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਧਾਵਾ ਨੇ 31 ਹਜਾਰ 742 ਵੋਟਾਂ ਹਾਸਿਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਭਾਜਪਾ ਦੇ ਕੁਲਦੀਪ ਸਿੰਘ ਨੂੰ ਮਹਿਜ 1913 ਵੋਟਾਂ ਨਾਲ ਸਬਰ ਕਰਨਾ ਪਿਆ।

2024 ਦੇ ਲੋਕ ਸਭਾ ਦੀਆ ਚੋਣਾਂ ਅੰਦਰ ਹਲਕੇ ਦੇ ਨਤੀਜੇ

ਜਦਕਿ 2024 ਅੰਦਰ ਲੋਕ ਸਭਾ ਦੀਆਂ ਆਮ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਨੇ 3 ਹਜਾਰ 940 ਵੋਟਾਂ ਨਾਲ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਚੋਣਾਂ ਦੌਰਾਨ ਸੁਖਜਿੰਦਰ ਰੰਧਾਵਾ ਨੂੰ 48 ਹਜਾਰ 198 ਵੋਟਾਂ ਹਾਸਿਲ ਹੋਇਆ ਜਦਕਿ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਪਿਛਲੇ ਮੁਕਾਬਲੇ ਇਸ ਵਾਰ 44 ਹਜਾਰ 258 ਵੋਟਾਂ ਹਾਸਿਲ ਕਰ ਤੀਸਰੇ ਤੋਂ ਦੂਸਰੀ ਸਥਾਨ ਲਈ ਪੌੜੀ ਚੜ੍ਹੀ। ਅਕਾਲੀ ਦਲ ਨੂੰ ਇਨ੍ਹਾਂ ਚੋਣਾ ਅੰਦਰ 17 ਹਜਾਰ 099 ਜਦਕਿ ਭਾਜਪਾ ਨੂੰ ਮਹਿਜ 5981 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਸੁਖਜਿੰਦਰ ਰੰਧਾਵਾ ਸੰਸਦ ਮੈਂਬਰ ਬਣ ਗਏ ਜਿਸ ਕਾਰਨ ਇਸ ਸੀਟ ਤੇ ਜ਼ਿਮਨੀ ਚੋਣਾਂ ਹੋਣ ਜਾ ਰਹਿਆ ਹਨ।

ਕਿਓ ਸਾਰੀਆਂ ਹੀ ਪਾਰਟੀਆਂ ਲਈ ਅਹਿਮ ਹੈ ਇਹ ਜਿੱਤ

2024 ਦੀਆਂ ਜ਼ਿਮਨੀ ਚੋਣਾਂ ਦੌਰਾਨ ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਹੀ ਵੇਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਚੋਣਾਂ ਅੰਦਰ ਜਿੱਤ ਮਾਝੇ ਅਤੇ ਖਾਸ ਕਰ ਗੁਰਦਾਸਪੁਰ ਜਿਲ੍ਹੇ ਲਈ ਅਹਿਮ ਮੰਨੀ ਜਾ ਰਹੀ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਅਗਰ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਹੁੰਦੀ ਹੈ ਤਾਂ ਇਸ ਨਾਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਕੱਦ ਹੋਰ ਜਿਆਦਾ ਵਧੇਗਾ ਜੋ ਵਿਧਾਨਸਭਾ 2027 ਦੀਆਂ ਚੋਣਾਂ ਤੇ ਅਸਰ ਪਾਵੇਗਾ। ਉਧਰ ਅਗਰ ਆਮ ਆਦਮੀ ਪਾਰਟੀ ਜਿੱਤ ਦਰਜ ਕਰਦੀ ਹੈ ਤਾਂ ਇਸ ਜਿੱਤ ਨਾਲ ਗੁਰਦਾਸਪੁਰ ਜਿਲ੍ਹੇ ਅੰਦਰ ਆਪ ਅਗਾਮੀ ਸਮੇਂ ਦੌਰਾਨ ਹੋਰ ਜਿਆਦਾ ਮਜਬੂਤ ਹੋਵੇਗੀ ਅਤੇ ਕਾਂਗਰਸ ਦਾ ਕਿਲਾ ਢਾਉਣ ਲਈ ਇਹ ਅਹਿਮ ਭੂਮਿਕਾ ਅਦਾ ਕਰੇਗੀ। ਭਾਜਪਾ ਅਗਰ ਇਸ ਸੀਟ ਤੋਂ ਚੋਣ ਜਿੱਤ ਜਾਂਦੀ ਹੈ ਤਾਂ ਇਹ ਪਾਰਟੀ ਲਈ ਕਾਫੀ ਅਹਿਮ ਮੰਨਿਆ ਜਾਵੇਗਾ ਅਤੇ ਰਾਸ਼੍ਟਰੀ ਪਾਰਟੀ ਲਈ ਰਾਹ ਸੋਖਾ ਹੋਵੇਗਾ।

ਆਮ ਆਦਮੀ ਪਾਰਟੀ ਦੇ ਪੱਖ ਵਿੱਚ ਜਾ ਰਹਿਆਂ ਗੱਲਾ

ਗੱਲ ਅਗਰ ਆਮ ਆਦਮੀ ਪਾਰਟੀ ਦੀ ਕਰਿਏ ਤਾਂ ਇਸ ਵਾਰ ਅਕਾਲੀ ਦਲ ਵੱਲੋਂ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਇਸੇ ਦੇ ਨਾਲ ਹਲਕੇ ਤੋਂ ਅਕਾਲੀ ਆਗੂ ਵੱਲੋਂ 31 ਮੈਂਬਰੀ ਕਮੇਟੀ ਬਣਾ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦਾ ਵੱਡਾ ਫਾਇਦਾ ਆਮ ਆਮਦੀ ਪਾਰਟੀ ਨੂੰ ਮਿਲ ਸਕਦਾ। ਪੰਜਾਬ ਅੰਦਰ ਸਰਕਾਰ ਹੋਣ ਦਾ ਫਾਇਦਾ ਪਹਿਲ੍ਹਾਂ ਹੀ ਆਪ ਆਗੂ ਦੀ ਝੋਲੀ ਜਾਂਦਾ ਦਿਸ ਰਿਹਾ ਸੀ। ਉਧਰ ਇੱਸ ਹਲਕੇ ਅੰਦਰ ਇਸਾਈ ਵੋਟਰਾਂ ਦਾ ਕਾਫੀ ਵੱਟਾ ਵੋਟ ਬੈਂਕ ਹੈ। ਇਸ ਦੇ ਨਾਲ ਹੀ ਅੰਕੁਰ ਨਰੂਲਾ ਮਨਿਸਟਰੀ ਚਰਚ ਦੇ ਅਪੋਸਲ ਅੰਕੁਰ ਨਰੂਲਾ ਵੱਲੋਂ ਗੁਰਦੀਪ ਰੰਧਾਵਾ ਨੂੰ ਹਿਮਾਇਤ ਦੇਣਾ ਅਤੇ ਪੰਜਾਬ ਸਰਕਾਰ ਇਸ ਵਾਰ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਗੁਰਦਾਸਪੁਰ ਵਿਖੇ ਮਨਾਉਣ ਦਾ ਐਲਾਨ ਵੱਡਾ ਫੇਰਬਦਲ ਕਰ ਸਕਦਾ ਹੈ। ਆਪ ਇਸ ਵਾਰ ਪਰਿਵਾਰਵਾਦ ਨੂੰ ਮੁੱਖ ਰੂਪ ਵਿੱਚ ਲੋਕਾਂ ਸਾਹਮਣੇ ਰੱਖ ਰਹੀ ਸੀ।

ਕਾਂਗਰਸ ਪਾਰਟੀ ਦੇ ਪੱਖ ਦੀਆਂ ਗੱਲਾ

ਉਧਰ ਗੱਲ ਅਗਰ ਕਾਂਗਰਸ ਪਾਰਟੀ ਦੀ ਕਰਿਏ ਤਾਂ ਇਸ ਵਾਰ ਡੇਰਾ ਬਾਬਾ ਨਾਨਕ ਤੋਂ ਬੇਸ਼ਕ ਜਤਿੰਦਰ ਕੌਰ ਰੰਧਾਵਾ ਮੈਦਾਨ ਵਿੱਚ ਹਨ। ਪਰ ਜਤਿੰਦਰ ਰੰਧਾਵਾ ਦੇ ਰੱਥ ਦੀ ਕਮਾਨ ਸਿਆਸੀ ਦਿੱਗਜ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਥ ਵਿੱਚ ਹੈ। ਸੁਖਜਿੰਦਰ ਰੰਧਾਵਾ ਮੌਜੂਦਾ ਸਮੇਂ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ। ਸੁਖਜਿੰਦਰ ਰੰਧਾਵਾ ਜੋਕਿ ਰਾਜਸਥਾਨ ਅਤੇ ਜੰਮੂ ਕਸ਼ਮੀਰ ਅੰਦਰ ਕਾਂਗਰਸ ਪਾਰਟੀ ਨੂੰ ਖੜ੍ਹੇ ਕਰਨ ਵਿੱਚ ਸਫ਼ਲ ਰਹੇ ਹਨ ਪੰਜਾਬ ਦੇ ਉੱਪ ਮੁੱਖ ਮੰਤਰੀ ਰਹਿ ਚੁੱਕੇ ਹਨ। ਰੰਧਾਵਾ ਕੋਲ ਤਜੂਰਬਾ ਅਤੇ ਤਕਨੀਕ ਦੋਨੋ ਹਨ। ਇਸ ਦੇ ਨਾਲ ਹੀ ਇਹ ਵੀ ਵੇਖਿਆ ਗਿਆ ਕਿ ਰੰਧਾਵਾ ਇਸਾਈ ਭਾਈਚਾਰੇ ਤੋਂ ਕਈ ਬਾਗੀ ਹੋਏ ਆਗੂਆ ਨੂੰ ਮਨਾਉਣ ਵਿੱਚ ਸਫ਼ਲ ਰਹੇ ਹਨ ਅਤੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਉਹ ਕੁਝ ਹੱਦ ਤੱਕ ਸਫਲ ਹੋਏ ਹਨ। ਰੰਧਾਵਾ ਦਾ ਆਪਣੇ ਹਲਕੇ ਦੇ ਲੋਕਾਂ ਅੰਦਰ ਇੱਕ ਖਾਸ ਆਧਾਰ ਹੈ।

ਭਾਜਪਾ ਦੇ ਪੱਖ ਦੀਆਂ ਗੱਲਾ

ਗੱਲ ਭਾਜਪਾ ਦੇ ਉਮੀਦਵਾਰ ਦੀ ਕਰਿਏ ਤਾਂ ਰਵੀਕਰਨ ਕਾਹਲੋਂ ਇਕ ਨਿਡਰ ਲੀਡਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਸਵਰਗੀ ਨਿਰਮਲ ਸਿੰਘ ਕਾਹਲੋਂ ਨੇ ਅਕਾਲੀ ਦਲ ਅੰਦਰ ਰਹਿ ਕੇ ਕਾਫੀ ਸਮਾਂ ਲੋਕਾਂ ਦੀ ਸੇਵਾ ਕੀਤੀ ਅਤੇ ਪੰਜਾਬ ਦੇ ਸਪੀਕਰ ਤੱਕ ਰਹੇ। ਰਵੀਕਰਨ ਕਾਹਲੋਂ ਕੋਲ ਅਕਾਲੀ ਵੋਟ ਵੀ ਹੈ ਅਤੇ ਦੇਸ਼ ਅੰਦਰ ਰਾਜ ਕਰ ਰਹੀ ਰਾਸ਼ਟਰੀ ਪਾਰਟੀ ਭਾਜਪਾ ਦਾ ਆਪਣਾ ਕੈਡਰ ਵੀ ਹੈ। ਅਕਾਲੀ ਦਲ ਵੱਲੋਂ ਚੋਣਾ ਨਾ ਲੜਨ ਦਾ ਫਾਇਦਾ ਕੁਝ ਕੂ ਹੱਦ ਤੱਕ ਰਵੀਕਰਨ ਕਾਹਲੋਂ ਨੂੰ ਵੀ ਮਿਲ ਸਕਦਾ ਹੈ, ਪਰ ਉਸ ਦੀ ਸੰਖਿਆ ਸੀਮਿਤ ਰਹਿਣ ਦੀ ਸੰਭਾਵਨਾ ਹੈ।

ਵੋਟਰਾਂ ਦੀ ਭੂਮਿਕਾ

ਮੰਨਣ ਸੈਣੀ

ਹਲਕਾ ਦੇ ਵੋਟਰਾਂ ਦਾ ਫੈਸਲਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਉਹ ਹਲਕੇ ਵਿੱਚ ਕਿਹੜੀ ਪਾਰਟੀ ਦੀ ਨੀਤੀ ਅਤੇ ਨੇਤ੍ਰਿਤਵ ਨੂੰ ਆਪਣਾ ਭਰੋਸਾ ਦੇ ਰਹੇ ਹਨ। ਵੋਟਿੰਗ ਵਾਲਾ ਦਿਨ ਹਲਕਾ ਡੇਰਾ ਬਾਬਾ ਨਾਨਕ ਸਿਆਸੀ ਤਪਸ਼ ਦਾ ਕੇਂਦਰ ਬਣੇਗਾ।ਨਤੀਜੇ ਦੇ ਘੜੀਆਂ ਸਿਆਸੀ ਪਾਰਟੀਆਂ ਲਈ ਨਾ ਸਿਰਫ਼ ਇੱਕ ਟੈਸਟ ਹੋਣਗੀਆਂ, ਬਲਕਿ ਪੰਜਾਬ ਦੀ ਸਿਆਸਤ ਦੇ ਭਵਿੱਖ ਲਈ ਰੁਝਾਨ ਵੀ ਤੈਅ ਕਰਨਗੀਆਂ।

ਇਹ ਚੋਣਾਂ ਪਾਰਟੀਆਂ ਦੇ ਹਲਕੇ ਪੱਧਰ ‘ਤੇ ਹੀ ਨਹੀਂ, ਸੂਬਾ ਰਾਜਨੀਤੀ ‘ਤੇ ਵੀ ਗਹਿਰੇ ਅਸਰ ਛੱਡਣਗੀਆਂ। ਕਾਂਗਰਸ ਲਈ ਇਹ ਜਿੱਤ ਦਰਜ ਕਰ ਪੰਜਾਬ ਅੰਦਰ ਆਪਣੀ ਪਕੜ ਦਿਖਾਉਣ ਦਾ ਮੌਕਾ ਹੈ, ਜਦਕਿ ਆਮ ਆਦਮੀ ਪਾਰਟੀ ਲਈ ਇਹ ਹਲਕੇ ਵਿੱਚ ਆਪਣੇ ਪੈਰ ਜਮਾਉਣ ਦਾ ਚੋਟੀ ਦਾ ਸਮਾਂ ਹੈ। ਉਧਰ ਭਾਜਪਾ ਲਈ ਇਸ ਜਿੱਤ ਦਾ ਸੰਕੇਤ ਰਾਜਨੀਤਿਕ ਨਵੇਂ ਮਾਰਗ ਖੋਲ੍ਹ ਸਕਦਾ ਹੈ। ਬਾਕੀ ਫੈਸਲਾ ਲੋਕਾਂ ਦੀ ਕਚਿਹਰੀ ਅੰਦਰ ਹੋਣ ਜਾ ਹੀ ਰਿਹਾ ਹੈ ਜੋ ਸਭ ਦੋ ਸਾਹਮਣੇ ਹੋਵੇਗਾ।

Written By
The Punjab Wire