ਵਿਦੇਸ਼

ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
  • PublishedNovember 17, 2024

ਗਲੋਬਲ ਸਿੱਖ ਕੌਂਸਲ ਵੱਲੋਂ ਇਸ ਇਤਿਹਾਸਕ ਪ੍ਰਾਪਤੀ ’ਤੇ ਲਾਰਡ ਇੰਦਰਜੀਤ ਸਿੰਘ ਨੂੰ ਵਧਾਈਆਂ

ਚੰਡੀਗੜ੍ਹ, 17 ਨਵੰਬਰ 2024 (ਦੀ ਪੰਜਾਬ ਵਾਇਰ)। ਯੂਰਪ ਅਤੇ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਲਾਰਡ ਇੰਦਰਜੀਤ ਸਿੰਘ ਵੱਲੋਂ ਸੰਸਦ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਯੂਕੇ ਲਈ ਬਿਹਤਰ ਲੋਕ ਸੇਵਾਵਾਂ ਦੇਣ ਦੇ ਯੋਗਦਾਨ ਵਜੋਂ ਉਨ੍ਹਾਂ ਦਾ ਚਿੱਤਰ ਵੈਸਟਮਿੰਸਟਰ, ਲੰਡਨ ਸਥਿਤ ਬਰਤਾਨਵੀ ਸੰਸਦ ਦੇ ਉਪਰਲੇ ਸਦਨ ‘ਹਾਉਸ ਆਫ ਲਾਰਡਜ਼’ ਦੇ ਬਿਸ਼ਪ ਕਾਰੀਡੋਰ ਵਿੱਚ ਸਥਾਪਿਤ ਕੀਤਾ ਗਿਆ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਰਤਾਨਵੀ ਸੰਸਦ ਵਿੱਚ ਕਿਸੇ ਸਿੱਖ ਦਾ ਚਿੱਤਰ ਪ੍ਰਦਰਸ਼ਿਤ ਕੀਤਾ ਗਿਆ ਹੈ।

ਲਾਰਡ ਇੰਦਰਜੀਤ ਸਿੰਘ ਦੇ ਚਿੱਤਰ ਦੇ ਘੁੰਡ ਚੁਕਾਈ ਸਮਾਰੋਹ ਵਿੱਚ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵਿੱਚ ਹੇਠਲੇ ਸਦਨ ‘ਹਾਊਸ ਆਫ ਕਾਮਨਜ’ ਦੇ ਪਹਿਲੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ, ਲਾਰਡ ਕੁਲਦੀਪ ਸਿੰਘ ਸਹੋਤਾ, ਸੰਸਦ ਮੈਂਬਰ ਜਸ ਅਠਵਾਲ, ਸੰਸਦ ਮੈਂਬਰ ਕਿਰਥ ਐਂਟਵਿਸਲ, ਸੰਸਦ ਮੈਂਬਰ ਰਿਚਰਡ ਬੇਕਨ, ਸੰਸਦ ਮੈਂਬਰ ਭਗਤ ਸਿੰਘ ਸ਼ੰਕਰ ਅਤੇ ਲੇਡੀ ਸਿੰਘ ਕੰਵਲਜੀਤ ਕੌਰ ਓਬੀਈ ਸਮੇਤ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਵੀ ਹਾਜ਼ਰੀ ਸਨ।

ਲਾਰਡ ਇੰਦਰਜੀਤ ਸਿੰਘ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ, ਹਾਊਸ ਆਫ ਲਾਰਡਜ਼ ਹੇਰਿਟੇਜ ਕਮੇਟੀ ਦੇ ਚੇਅਰਮੈਨ, ਲਾਰਡ ਸਪੀਕਰ ਫਾਲਕਨਰ ਨੇ ਕਿਹਾ ਕਿ ਉਨ੍ਹਾਂ ਨੇ ਬੀਬੀਸੀ ਦੇ ਸਵੇਰ ਵੇਲੇ ਦੇ ਮਸ਼ਹੂਰ ਪ੍ਰੋਗਰਾਮ ਰਾਹੀਂ ਯੂ.ਕੇ. ਵਿੱਚ ਨਾਸ਼ਤੇ ਵੇਲੇ ਮੇਜ਼ਾਂ ’ਤੇ ਸਿੱਖ ਧਰਮ ਅਤੇ ਧਰਮਾਂਤਰ ਸਾਂਝਾਂ ਦੀ ਗੱਲ ਚਲਾਈ ਹੈ।

ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸੰਸਦ ਵਿੱਚ ਲਾਰਡ ਇੰਦਰਜੀਤ ਸਿੰਘ ਦਾ ਚਿੱਤਰ ਪ੍ਰਦਰਸ਼ਿਤ ਕਰਨਾ ਇੱਕ ਇਤਿਹਾਸਕ ਕਦਮ ਹੈ ਅਤੇ ਇਹ ਚਿੱਤਰ ਇਸ ਇਤਿਹਾਸਕ ਸੰਸਦ ਭਵਨ ਦੇ ਸਭ ਸੰਸਦ ਮੈਂਬਰਾਂ ਅਤੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗਾ।

ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਦੇ ਖਜਾਨਚੀ, ਪੁੱਡੂਚੇਰੀ ਤੋਂ ਹਰਸਰਨ ਸਿੰਘ ਨੇ ਇਸ ਪ੍ਰਾਪਤੀ ’ਤੇ ਦੂਰਦਰਸ਼ੀ ਨੇਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂ.ਕੇ. ਦੀ ਸੰਸਦ ਵਿੱਚ ਲਾਰਡ ਸਿੰਘ ਦਾ ਚਿੱਤਰ ਲਗਾਇਆ ਜਾਣਾ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਸਮਾਜ ਲਈ ਬਹੁਤ ਮਾਣ ਵਾਲੀ ਗੱਲ ਹੈ। ਜੀ.ਐਸ.ਸੀ. ਦੇ ਡਿਪਟੀ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਗੁਰਸਿੱਖ ਦਾ ਚਿੱਤਰ ਯੂ.ਕੇ. ਦੀ ਮਾਣਮੱਤੀ ਸੰਸਦ ਦੀਆਂ ਕੰਧ ’ਤੇ ਸਜਾਇਆ ਹੋਵੇਗਾ।

ਕੌਂਸਲ ਦੇ ਡਿਪਟੀ ਪ੍ਰਧਾਨ, ਅਮਰੀਕਾ ਤੋਂ ਪਰਮਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਸਾਰੇ ਸਿੱਖਾਂ ਲਈ ਵੱਡੇ ਸਨਮਾਨ ਦੀ ਗੱਲ ਹੈ ਕਿ ਲਾਰਡ ਸਿੰਘ ਦੀਆਂ ਪ੍ਰਾਪਤੀਆਂ ਅਤੇ ਨਿਸਵਾਰਥ ਸੇਵਾਵਾਂ ਨੂੰ ਸਭ ਤੋਂ ਉੱਚੇ ਪੱਧਰ ’ਤੇ ਸਵੀਕਾਰਿਆ ਗਿਆ ਹੈ।

ਜੀ.ਐਸ.ਸੀ. ਦੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲਾਰਡ ਸਿੰਘ ਦਾ ਇਹ ਮਾਣ-ਸਨਮਾਨ ਉਨ੍ਹਾਂ ਵੱਲੋਂ ਜੀਵਨ ਭਰ ਦੇ ਸਮਰਪਣ, ਬਰਤਾਨਵੀ ਸਮਾਜ, ਸਿੱਖ ਕੌਮ ਅਤੇ ਧਰਮਾਂ ਦੀ ਆਪਸੀ ਸਾਂਝ ਤੇ ਸਦਭਾਵ ਪ੍ਰਤੀ ਦੇ ਉਨ੍ਹਾਂ ਵੱਲੋਂ ਨਿਭਾਈ ਵਿਲੱਖਣ ਭੂਮਿਕਾ ਦਾ ਸਬੂਤ ਹੈ। ਕੌਂਸਲ ਦੇ ਕਾਰਜਕਾਰੀ ਮੈਂਬਰ, ਮਲੇਸ਼ੀਆ ਤੋਂ ਜਗੀਰ ਸਿੰਘ ਨੇ ਕਿਹਾ ਕਿ ਯੂਕੇ ਦੀ ਸੰਸਦ ਅਤੇ ਧਰਮਾਂਤਰ ਸਦਭਾਵਨਾ ਮੁਹਿੰਮ ਵਿੱਚ ਲਾਰਡ ਸਿੰਘ ਦਾ ਯੋਗਦਾਨ ਭਵਿੱਖ ਦੀਆਂ ਪੀੜ੍ਹੀਆਂ ਲਈ ਹਮੇਸ਼ਾਂ ਪ੍ਰੇਰਣਾਸਰੂਪ ਰਹੇਗਾ।

ਜੀ.ਐਸ.ਸੀ. ਦੇ ਕਾਰਜਕਾਰੀ ਮੈਂਬਰ, ਯੂ.ਕੇ. ਤੋਂ ਸਤਨਾਮ ਸਿੰਘ ਪੂਨੀਆ ਨੇ ਕਿਹਾ ਕਿ ‘ਬੈਰੋਨ ਸਿੰਘ ਆਫ ਵਿੰਬਲਡਨ’ ਦੀ ਉਪਾਧੀ ਰੱਖਣ ਵਾਲੇ ਲਾਰਡ ਸਿੰਘ ਨੇ ਇਸ ਪ੍ਰਾਪਤੀ ਨਾਲ ਇਕ ਹੋਰ ਮੀਲ ਦਾ ਪੱਥਰ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਮੁਲਕ ਵਿੱਚ ਸਿੱਖੀ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਿਆ ਹੈ ਅਤੇ ਬਰਤਾਨਵੀ ਸੰਸਦ ਵਿੱਚ ਵੀ ਸਾਰੀਆਂ ਪਾਰਟੀਆਂ ਤੋਂ ਸਨਮਾਨ ਤੇ ਪਿਆਰ ਹਾਸਲ ਕੀਤਾ ਹੈ।

ਸਿੱਖ ਪ੍ਰਚਾਰ ਕਮੇਟੀ ਦੇ ਚੇਅਰਮੈਨ, ਰਜਿੰਦਰ ਸਿੰਘ ਨੇ ਇਸ ਸਨਮਾਨ ਨੂੰ ਸਾਰੀ ਸਿੱਖ ਕੌਮ ਲਈ ਇਕ ਇਤਿਹਾਸਕ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਹੋਵੇਗਾ ਜਦੋਂ ਇੱਕ ਗੁਰਸਿੱਖ ਦਾ ਚਿੱਤਰ ਸਥਾਈ ਤੌਰ ’ਤੇ ਯੂ.ਕੇ. ਸੰਸਦ ਦੀ ਕੰਧ ਉੱਪਰ ਨੂੰ ਸ਼ੋਭਿਤ ਹੋਇਆ ਸਭਨਾਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਜਦੋਂ ਇਤਿਹਾਸ ਰਚਣ ਵਾਲੇ ਦੋ ਸਿੱਖ ਆਗੂ ਕੱਠੇ ਹੋਏ 

 ਯੂਕੇ ਦੇ ਹੇਠਲੇ ਸਦਨ (ਹਾਊਸ ਆਫ ਕਾਮਨਜ਼) ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ (ਖੱਬੇ) ਨੇ ਯੂਕੇ ਦੇ ਉਪਰਲੇ ਸਦਨ (ਹਾਊਸ ਆਫ ਲਾਰਡਜ਼) ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਨਾਲ ਮੁਲਾਕਾਤ ਕੀਤੀ।

 ਇਹ ਇੱਕ ਇਤਿਹਾਸਕ ਪਲ ਸੀ ਜਦੋਂ ਦੋਵੇਂ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਲਾਰਡ ਸਿੰਘ ਦੇ ਚਿੱਤਰ ਦੀ ਘੁੰਡ ਚੁਕਾਈ ਸਮਾਰੋਹ ਮੌਕੇ ਇਕੱਠੇ ਹੋਏ, ਜਿਸਨੂੰ ਯੂਕੇ ਸੰਸਦ ਵਿੱਚ ਸਥਾਪਿਤ ਕੀਤਾ ਗਿਆ ਹੈ। ਉਸ ਮੌਕੇ ਪਰਿਵਾਰ ਅਤੇ ਦੋਸਤਾਂ ਦਾ ਸਵਾਗਤ ਕਰਦੇ ਹੋਏ, ਉਨ੍ਹਾਂ ਨੇ ਬਰਤਾਨਵੀ ਸਮਾਜ ਅਤੇ ਯੂਕੇ ਵਿੱਚ ਸਿੱਖਾਂ ਨਾਲ ਸੰਬੰਧਤ ਮਹੱਤਵਪੂਰਨ ਮੁੱਦਿਆਂ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

 ਵਰਨਣਯੋਗ ਹੈ ਕਿ ਲੇਬਰ ਪਾਰਟੀ ਦੇ ਨੇਤਾ ਤਨਮਨਜੀਤ ਸਿੰਘ ਢੇਸੀ (46) ਸਾਲ 2017 ਤੋਂ ਸਲੋਹ ਸੰਸਦੀ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ।

 ਲਾਰਡ ਇੰਦਰਜੀਤ ਸਿੰਘ (92), ਸੀਬੀਈ, ਸਾਲ 2011 ਤੋਂ ਹਾਊਸ ਆਫ ਲਾਰਡਜ਼ ਦੇ ਮੈਂਬਰ ਹਨ। ਉਹ ਸਭ ਮਹੱਤਵਪੂਰਨ ਮੌਕਿਆਂ ’ਤੇ ਸਿੱਖਾਂ ਦੀ ਪ੍ਰਤੀਨਿਧਿਤਾ ਕਰਦੇ ਆ ਰਹੇ ਹਨ, ਜਿਸ ਵਿੱਚ ਰਾਜਕੁਮਾਰਾਂ ਦੀਆਂ ਸ਼ਾਦੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਮਹਾਰਾਜਾ ਚਾਰਲਜ਼ ਤੀਜੇ ਦੇ ਰਾਜਤਿਲਕ ਸਮਾਰੋਹ ਵਿੱਚ ਇੱਕ ਵਿਲੱਖਣ ਮੌਕਾ ਮਿਲਿਆ, ਜਦੋਂ ਉਨ੍ਹਾਂ ਨੇ ਮਹਾਰਾਜੇ ਨੂੰ ਦਸਤਾਨੇ ਭੇਟ ਕੀਤੇ, ਜੋ ਉਨ੍ਹਾਂ ਦੇ ਰਾਜ ਵਿੱਚ ਵਸਦੇ ਲੋਕਾਂ ਪ੍ਰਤੀ ਨਰਮਦਿਲੀ ਅਤੇ ਬਿਹਤਰ ਸੋਚਵਿਚਾਰ ਦਾ ਪ੍ਰਤੀਕ ਸਨ।

Written By
The Punjab Wire