ਗੁਰਦਾਸਪੁਰ, 8 ਨਵੰਬਰ 2024 (ਦੀ ਪੰਜਾਬ ਵਾਇਰ)। ਲੋਕਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਐੱਸਪੀ ਜਸਬੀਰ ਸਿੰਘ (ਡੇਰਾ ਬਾਬਾ ਨਾਨਕ) ‘ਤੇ ਗੰਭੀਰ ਦੋਸ਼ ਲਾਏ ਹਨ।
ਮੀਡੀਆ ਨਾਲ ਸਾਂਝੇ ਕੀਤੇ ਗਏ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਡੇਰਾ ਬਾਬਾ ਨਾਨਕ ਖੇਤਰ ਖਾਸ ਕਰਕੇ ਪਿੰਡ ਸ਼ਾਹਪੁਰ ਗੋਡੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਉਨ੍ਹਾਂ ਦੇ ਘਰ ਜਾ ਕੇ ਕਾਂਗਰਸੀ ਸਮਰਥਕਾਂ ਨਾਲ ਰਾਬਤਾ ਬਣਾਉਣ ਲਈ ਸਰਗਰਮ ਹੈ।
ਐਮਪੀ ਰੰਧਾਵਾ ਨੇ ਦੱਸਿਆ ਕਿ 7 ਨਵੰਬਰ ਦੀ ਸ਼ਾਮ ਸਾਢੇ 7 ਵਜੇ ਦੇ ਕਰੀਬ ਉਨ੍ਹਾਂ ਨੂੰ ਆਪਣੇ ਸਮਰਥਕ ਤੋਂ ਸੂਚਨਾ ਮਿਲੀ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਪਿੰਡ ਵਿੱਚ ਘੁੰਮ ਰਹੀ ਹੈ ਅਤੇ ਆਪਣੇ ਸਮਰਥਕ ਨਾਲ ਗੱਲਬਾਤ ਕਰ ਰਹੀ ਹੈ। ਰੰਧਾਵਾ ਤੁਰੰਤ ਮੌਕੇ ‘ਤੇ ਪਹੁੰਚੇ ਜਿੱਥੇ ਤਿੰਨ ਸ਼ੱਕੀ ਵਾਹਨ ਪੀਬੀ 18 ਜ਼ੈੱਡ 0014, ਸੀ ਐਚ 01 ਸੀ 2001 ਅਤੇ ਪੀ ਬੀ 10 ਐਫ ਪੀ 0380 ਖੜੀਆਂ ਸਨ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਡੀਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਬਟਾਲਾ ਨੂੰ ਦਿੱਤੀ, ਜਿਸ ਤੋਂ ਬਾਅਦ ਡੀਐਸਪੀ ਜਸਬੀਰ ਸਿੰਘ ਨੂੰ ਪਿੰਡ ਭੇਜਿਆ ਗਿਆ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਡੀਐਸਪੀ ਜਸਬੀਰ ਸਿੰਘ ਨੇ ਸ਼ੱਕੀ ਵਾਹਨਾਂ ਦੀ ਜਾਂਚ ਕਰਨ ਦੀ ਬਜਾਏ ਐਮਪੀ ਰੰਧਾਵਾ ਤੱਕ ਪਹੁੰਚ ਕੀਤੀ। ਬਾਅਦ ਵਿੱਚ ਡੀਐਸਪੀ ਨੇ ਵਾਹਨਾਂ ਦੀ ਚੈਕਿੰਗ ਕੀਤੇ ਬਿਨਾਂ ਦੋ ਵਾਹਨਾਂ ਨੂੰ ਲੰਘਣ ਦਿੱਤਾ। ਐਮਪੀ ਰੰਧਾਵਾ ਨੇ ਦੋਸ਼ ਲਾਇਆ ਕਿ ਡੀਐਸਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਪਿੱਛੇ ਗੈਂਗਸਟਰਾਂ ਦੀ ਮਿਲੀਭੁਗਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਐਮਪੀ ਰੰਧਾਵਾ ਨੇ ਇਸ ਸ਼ਿਕਾਇਤ ਵਿੱਚ ਡੀਐਸਪੀ ਜਸਬੀਰ ਸਿੰਘ ਦੀ ਕਥਿਤ ਮਿਲੀਭੁਗਤ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੀਐਸਪੀ ਜਸਬੀਰ ਸਿੰਘ ’ਤੇ ਹੋਵੇਗੀ।
ਸੁਖਜਿੰਦਰ ਰੰਧਾਵਾ ਵੱਲੋਂ ਇਹ ਸ਼ਿਕਾਇਤ ਐਸਐਸਪੀ ਬਟਾਲਾ, ਡੀਆਈਜੀ ਬਾਰਡਰ ਰੇਂਜ, ਅਤੇ ਡੀਜੀਪੀ ਪੰਜਾਬ ਨੂੰ ਭੇਜੀ ਗਈ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਪੀਲ ਕੀਤੀ ਗਈ ਹੈ।