ਨਗਰ ਸੁਧਾਰ ਟਰਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਰੰਜਨ ਸ਼ਰਮਾ ਨੂੰ ਪਾਵਰਕਾਮ ਨੇ ਸਿੱਧੀ ਬਿਜਲੀ ਚੋਰੀ ਦੇ ਦੋਸ਼ਾਂ ਹੇਠ ਕੀਤਾ ਇਕ ਲੱਖ 48 ਹਜਾਰ ਦਾ ਜੁਰਮਾਨਾ
ਬਿਜਲੀ ਚੋਰੀ ਦੇ ਦੋਸ਼ਾਂ ਹੇਠ ਪਰਚਾ ਕਰਨ ਲਈ ਥਾਣਾ ਮੁਖੀ ਨੂੰ ਲਿਖਿਆ ਪੱਤਰ
ਗੁਰਦਾਸਪੁਰ, 24 ਅਕਤੂਬਰ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਰੰਜੂ ਸ਼ਰਮਾ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਪਾਵਰ ਕਾਮ ਸਬ ਡਿਵੀਜ਼ਨ ਗੁਰਦਾਸਪੁਰ ਦੀ ਟੀਮ ਨੇ ਬਿਜਲੀ ਚੋਰੀ ਦੇ ਦੋਸ਼ਾਂ ਹੇਠ ਇਕ ਲੱਖ 48 ਹਜਾਰ 435 ਦਾ ਜੁਰਮਾਨਾ ਠੋਕਿਆ ਹੈ। ਇਸ ਦੇ ਨਾਲ ਹੀ ਬਿਜਲੀ ਚੋਰੀ ਦੇ ਦੋਸ਼ਾਂ ਹੇਠ ਰੰਜਨ ਸ਼ਰਮਾ ਖਿਲਾਫ ਪਰਚਾ ਦਰਜ ਕਰਨ ਲਈ ਪਾਵਰ ਕਾਮ ਦੇ ਉਪ ਮੰਡਲ ਅਫਸਰ ਵੱਲੋਂ ਐਂਟੀ ਪਾਵਰ ਥੈਫਟ ਥਾਣਾ ਵੇਰਕਾ ਜਿਲਾ ਅੰਮ੍ਰਿਤਸਰ ਨੂੰ ਵੀ ਪੱਤਰ ਲਿਖਿਆ ਗਿਆ ਹੈ।
ਇਸ ਪੱਤਰ ਵਿੱਚ ਪਾਵਰ ਕਾਮ ਦੇ ਐਸਡੀਓ ਨੇ ਲਿਖਿਆ ਹੈ ਕਿ ਰੰਜਨ ਸ਼ਰਮਾ ਘਰ ਦੇ ਨੇੜੇ ਤੋਂ ਲੰਘਦੀ ਪੀਵੀਸੀ ਤੋਂ ਜੋੜ ਕਰਕੇ ਅਤੇ ਸਿੱਧੀ ਕੁੰਡੀ ਲਗਾ ਕੇ ਬਿਜਲੀ ਦੀ ਚੋਰੀ ਕਰ ਰਿਹਾ ਸੀ। ਇਸ ਦੌਰਾਨ ਜਦੋਂ ਪਾਵਰਕਾਮ ਨੇ ਚੈਕਿੰਗ ਕੀਤੀ ਤਾਂ ਕਰੀਬ ਦੋ ਕਿਲੋਵਾਟ ਲੋਡ ਵਾਲਾ ਵੈਲਡਿੰਗ ਸੈੱਟ ਅਤੇ ਕਰੀਬ ਇਕ ਕਿਲੋਵਾਟ ਲੋਡ ਵਾਲਾ ਡਿਸ਼ ਕਟਰ ਚੱਲਦਾ ਪਾਇਆ ਗਿਆ ਇਸ ਕਾਰਨ ਪਾਵਰ ਕਾਮ ਨੇ ਕੈਲਕੂਲੇਸ਼ਨ ਸ਼ੀਟ ਅਨੁਸਾਰ ਬਣਦਾ ਇਕ ਲੱਖ 48 ਹਜਾਰ 435 ਰੁਪਏ ਵਸੂਲਣ ਲਈ ਉਕਤ ਖਪਤਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਨਾਲ ਹੀ ਪਾਵਰ ਕਾਮ ਦੇ ਵੇਰਕਾ ਸਥਿਤ ਥਾਣੇ ਵਿੱਚ ਉਕਤ ਖਪਤਕਾਰ ਰੰਜਨ ਸ਼ਰਮਾ ਖਿਲਾਫ ਪਰਚਾ ਦਰਜ ਕਰਨ ਲਈ ਵੀ ਬਕਾਇਦਾ ਪੱਤਰ ਲਿਖ ਦਿੱਤਾ ਹੈ।
ਉਧਰ ਇਸ ਸਬੰਧੀ ਰੰਜਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਜਗ੍ਹਾ ਪ੍ਰੋਵਾਇਡ ਕੀਤੀ ਗਈ ਸੀ। ਉਸਨੇ ਹੀ ਸਾਰਾ ਦੇਖਰੇਖ ਕਰਨੀ ਸੀ। ਰੰਜਨ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੂੰ ਬਿਜਲੀ ਚੋਰੀ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ। ਇਸ ਸੰਬੰਧੀ ਨਾ ਤਾਂ ਉਨ੍ਹਾਂ ਦੇ ਨਾਮ ਤੇ ਉਥੇ ਕੋਈ ਮੀਟਰ ਹੈ ਅਤੇ ਸਾਂਝੀ ਜਗ੍ਹਾਂ ਮਸੀਤ ਕੰਮ ਹੋ ਰਿਹਾ ਸੀ। ਇਸ ਸੱਭ ਦੇ ਪਿੱਛੇ ਰਾਜਨੀਤੀ ਕੀਤੀ ਜਾ ਰਹੀ ਹੈ।