Close

Recent Posts

ਗੁਰਦਾਸਪੁਰ

ਦਿਵਾਲੀ ਦੇ ਮੌਕੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ 11 ਹਜ਼ਾਰ ਦੀਪਾਂ ਨਾਲ ਜਗਮਗਾਏਗਾ ਗੁਰਦਾਸਪੁਰ, ਮਨਾਈ ਜਾਵੇਗੀ ਗ੍ਰੀਨ ਦਿਵਾਲੀ-ਅਨੂ ਗੰਡੋਤਰਾ

ਦਿਵਾਲੀ ਦੇ ਮੌਕੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ 11 ਹਜ਼ਾਰ  ਦੀਪਾਂ ਨਾਲ ਜਗਮਗਾਏਗਾ ਗੁਰਦਾਸਪੁਰ, ਮਨਾਈ ਜਾਵੇਗੀ ਗ੍ਰੀਨ ਦਿਵਾਲੀ-ਅਨੂ ਗੰਡੋਤਰਾ
  • PublishedOctober 22, 2024

ਸਨਾਤਨ ਚੇਤਨਾ ਮੰਚ ਵੱਲੋਂ ਹਨੂੰਮਾਨ ਚੌਕ ‘ਚ ਦੀਵਾਲੀ ਦੇ ਮੌਕੇ ‘ਤੇ ਹੋਵੇਗੀ ਦੀਪ ਮਾਲਾ

ਚੇਅਰਮੈਨ ਰਮਨ ਬਹਿਲ ਅਤੇ ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ ਮੁੱਖ ਮਹਿਮਾਨ ਵਜੋ ਕਰਨਗੇ ਸ਼ਿਰਕਤ

ਗੁਰਦਾਸਪੁਰ, 22 ਅਕਤੂਬਰ 2024 (ਦੀ ਪੰਜਾਬ ਵਾਇਰ)। ਦੀਵਾਲੀ ਦੇ ਮੌਕੇ ‘ਤੇ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ‘ਚ ਮੋਹਰੀ ਚੱਲ ਰਹੇ ਸਨਾਤਨ ਚੇਤਨਾ ਮੰਚ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਮੰਗਲਵਾਰ ਨੂੰ ਸਥਾਨਕ ਹਨੂੰਮਾਨ ਚੌਕ ਵਿਖੇ 11 ਹਜ਼ਾਰ 1 ਦੀਵੇ ਜਗਾ ਕੇ ਸ਼ਹਿਰ ਨੂੰ ਰੌਸ਼ਨ ਕਰਨ ਜਾ ਰਿਹਾ ਹੈ। ਸਨਾਤਨ ਚੇਤਨਾ ਮੰਚ ਵੱਲੋ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਰੋਸ਼ਨੀ ਦੇ ਇਸ ਮਹਾਨ ਤਿਉਹਾਰ ਮੌਕੇ ਇਹ ਸਮਾਗਮ ਉਲੀਕਿਆ ਗਿਆ ਹੈ। ਇਸ ਦੇ ਨਾਲ ਹੀ ਮੰਚ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ।

ਇਸ ਸਬੰਧੀ ਪਿਛਲੇ ਦਿਨੀਂ ਸਨਾਤਨ ਚੇਤਨਾ ਮੰਚ ਦੇ ਸਮੂਹ ਮੈਂਬਰਾਂ ਦੀ ਇਕ ਵਿਸ਼ਾਲ ਮੀਟਿੰਗ ਪ੍ਰਧਾਨ ਅਨੂ ਗੰਡੋਤਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੀਵਾਲੀ ਦੇ ਮੌਕੇ ‘ਤੇ 29 ਅਕਤੂਬਰ ਦਿਨ ਮੰਗਲਵਾਰ ਨੂੰ ਮੰਚ ਵੱਲੋਂ ਰੌਸ਼ਨੀਆਂ ਦਾ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ, ਜੋ ਕਿ ਸਨਾਤਨ ਚੇਤਨਾ ਮੰਚ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਨਿਵੇਕਲਾ ਉਪਰਾਲਾ ਹੋਵੇਗਾ।ਇਹ ਸਮਾਗਮ ਗੁਰਦਾਸਪੁਰ ਦੇ ਮੁੱਖ ਹਨੂੰਮਾਨ ਚੌਕ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਨੂੰ ਰੌਸ਼ਨ ਕਰਨ ਲਈ 11 ਹਜ਼ਾਰ ਦੀਵੇ ਜਗਾਏ ਜਾਣਗੇ।

ਗੰਡੋਤਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ ਅਤੇਐਸਐਸਪੀ ਹਰੀਸ਼ ਦਾਯਮਾ ਮੁੱਖ ਮਿਹਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੌਰਾਨ ਇੱਕ ਨਿਵੇਕਲਾ ਕਾਰਜ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ, ਰਾਮਲੀਲਾ ਕਮੇਟੀਆਂ, ਮੰਦਿਰ ਸੰਸਥਾਵਾਂ ਅਤੇ ਸਨਾਤਨ ਧਰਮ ਨਾਲ ਜੁੜੀਆਂ ਹੋਰ ਸ਼ਖ਼ਸੀਅਤਾਂ ਨੂੰ ਇਕੱਠਿਆਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਅਨੂ ਗੰਡੋਤਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮਾਗਮ ਦਾ ਮੁੱਖ ਆਕਰਸ਼ਣ ਗ੍ਰੀਨ ਆਤਿਸ਼ਬਾਜ਼ੀ ਹੋਵੇਗੀ ਅਤੇ ਲੋਕਾਂ ਦੀ ਸਹੂਲਤ ਲਈ ਵੱਡੀਆਂ ਐਲ.ਈ.ਡੀਜ਼ ਲਗਾ ਕੇ ਸਮੁੱਚੇ ਪ੍ਰੋਗਰਾਮ ਨੂੰ ਲਾਈਵ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਤ ਵਿੱਚ ਆਈਆਂ ਸੰਗਤਾਂ ਵਿੱਚ ਪ੍ਰਸ਼ਾਦ ਵੰਡਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪ੍ਰੋਗਰਾਮ ਦੀ ਸ਼ੋਭਾ ਵਿੱਚ ਵਾਧਾ ਕਰਨ।

ਇਸ ਮੌਕੇ ਪ੍ਰਧਾਨ ਅਨੂੇ ਗੰਡੋਤਰਾ ਤੋਂ ਇਲਾਵਾ ਸੁਭਾਸ਼ ਭੰਡਾਰੀ ਚੇਅਰਮੈਨ, ਕੋ-ਆਰਡੀਨੇਟਰ ਜੁਗਲ ਕਿਸ਼ੋਰ, ਉਪ ਪ੍ਰਧਾਨ ਅਨਮੋਲ ਸ਼ਰਮਾ, ਖ਼ਜ਼ਾਨਚੀ ਸੁਰਿੰਦਰ ਮਹਾਜਨ, ਵਿਸ਼ਾਲ ਅਗਰਵਾਲ, ਭਰਤ ਗਾਬਾ, ਹੀਰੋ ਮਹਾਜਨ, ਵਿਕਾਸ ਮਹਾਜਨ, ਵਿਨੈ ਮਹਾਜਨ, ਤ੍ਰਿਭੁਵਨ ਮਹਾਜਨ, ਅਮਿਤ ਭੰਡਾਰੀ, ਸੰਜੀਵ ਪ੍ਰਭਾਕਰ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਪੰਡਿਤ ਵਿਸ਼ਨੂੰ ਵੀ ਮੌਜੂਦ ਸਨ।

Written By
The Punjab Wire