ਦੋਸ਼ਿਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਸਾਨ ਮਜ਼ਦੂਰਾਂ ਨੇ ਘੇਰਿਆ ਪੁਲਿਸ ਥਾਣਾ ਸਦਰ ਗੁਰਦਾਸਪੁਰ
28 ਅਕਤੂਬਰ ਨੂੰ ਐਸਐਸਪੀ ਦਫਤਰ ਗੁਰਦਾਸਪੁਰ ਅੱਗੇ ਪੱਕੇ ਧਰਨੇ ਦਾ ਐਲਾਨ
ਦੋਸ਼ੀ ਨੂੰ ਜਲਦ ਹੀ ਕਰਾਂਗੇ ਗ੍ਰਿਫਤਾਰ, ਪਰਚੇ ਵਿੱਚ ਪੋਕਸੋ ਐਕਟ ਦਾ ਕੀਤਾ ਜਾਵੇਗਾ ਵਾਧਾ- ਪੁਲਸ ਪ੍ਰਸ਼ਾਸ਼ਨ
ਗੁਰਦਾਸਪੁਰ, 22 ਅਕਤੂਬਰ 2024 (ਦੀ ਪੰਜਾਬ ਵਾਇਰ)। ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਮਜ਼ਦੂਰਾਂ ਨੇ ਪੁਲਿਸ ਥਾਣਾ ਸਦਰ ਗੁਰਦਾਸਪੁਰ ਦਾ ਘਰਾਓ ਕੀਤਾ। ਇਹ ਘਿਰਾਓ ਕਰੀਬ ਤਿੰਨ ਘੰਟੇ ਚੱਲਿਆ।ਜਿਸ ਤੋਂ ਬਾਅਦ ਐਸਪੀਡੀ ਬਲਵਿੰਦਰ ਸਿੰਘ ਰੰਧਾਵਾ, ਡੀਐਸਪੀ ਦਿਹਾਤੀ ਗੁਰਦਾਸਪੁਰ ਵੱਲੋਂ ਘਿਰਾਓ ਕਰ ਰਹੇ ਧਰਨਾਕਾਰੀਆਂ ਨੂੰ ਪਰਚੇ ਵਿੱਚ ਪਾਕਸੋ ਐਕਟ ਦਾ ਵਾਧਾ ਕਰਦੇ ਹੋਏ ਦੋਸ਼ੀ ਨੂੰ ਜਲਦ ਹੀ ਗਿਰਫ਼ਤਾਰ ਕਰਨ ਦਾ ਭਰੋਸਾ ਦਿਵਾਇਆ। ਇਸ ਉਪਰੰਤ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਫੌਰੀ ਗਿਰਫ਼ਤਾਰ ਨਾ ਕੀਤਾ ਗਿਆ ਤਾਂ 28 ਅਕਤੂਬਰ ਤੋਂ ਐਸਐਸਪੀ ਦਫਤਰ ਗੁਰਦਾਸਪੁਰ ਬਾਹਰ ਪੱਕਾ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਬਲਾਕ ਪ੍ਰਧਾਨ ਸਲਵਿੰਦਰ ਸਿੰਘ ਆਜ਼ਾਦ, ਬਲਾਕ ਆਗੂ ਦਲਜੀਤ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ, ਜਿਲਾ ਆਗੂ ਰੂਪ ਲਾਲ, ਸਰਪੰਚ ਸੁੱਚਾ ਸਿੰਘ ਲੀਲ ਕਲਾਂ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਜੋਗਿੰਦਰ ਪਾਲ ਘੁਰਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕ੍ਰਾਂਤੀ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬਲਵਿੰਦਰ ਕੌਰ ਰਾਵਲਪਿੰਡੀ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਮਾਸਟਰ ਅਮਰਜੀਤ ਸ਼ਾਸਤਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁੱਚਾ ਸਿੰਘ ਬਲੱਗਣ ਅਤੇ ਰਣਬੀਰ ਸਿੰਘ ਦੁਗਰੀ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਟਾਂਡਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਜਿੰਦਰ ਸਿੰਘ ਨੁਸ਼ਹਿਰਾ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਦਰਸ਼ਨ ਸਿੰਘ ਸਰਾਵਾਂ, ਭਾਰਤੀ ਕਿਸਾਨ ਯੂਨੀਅਨ ਦੇ ਦੀਦਾਰ ਸਿੰਘ, ਬਾਬਾ ਸ਼ਮਸ਼ੇਰ ਸਿੰਘ ਗੁਣੀਆਂ, ਸਾਬਕਾ ਸਰਪੰਚ ਦਿਲਬਾਗ ਸਿੰਘ ਅਮੀਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਨੇ ਨਿਭਾਈ।
ਆਗੂਆਂ ਨੇ ਐਲਾਨ ਕਰਦਿਆ ਕਿਹਾ ਕਿ ਅਗਰ 28 ਅਕਤੂਬਰ ਤੋਂ ਪਹਿਲਾ ਦੋਸ਼ੀ ਨੂੰ ਪੁਲਿਸ ਗ੍ਰਫਤਾਰ ਨਹੀਂ ਕਰਦੀ ਹੈ ਅਤੇ ਨਬਾਲਗ ਲੜਕੀ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਨਹੀਂ ਕੀਤਾ ਜਾਂਦਾ ਹੈ ਤਾਂ 28 ਅਕਤੂਬਰ ਨੂੰ ਐਸਐਸਪੀ ਦਫਤਰ ਗੁਰਦਾਸਪੁਰ ਮੂਹਰੇ ਪੱਕਾ ਧਰਨਾ ਲਗਾਇਆ ਜਾਵੇਗਾ।