ਗੁਰਦਾਸਪੁਰ ਪੰਜਾਬ

ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਇੱਕ ਟੀਮ ਵਜੋਂ ਹੋਰ ਬਿਹਤਰ ਤਾਲਮੇਲ, ਜ਼ਿੰਮੇਵਾਰੀ ਅਤੇ ਮਿਹਨਤ ਨਾਲ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਕੰਮ ਕਰਨ

ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਇੱਕ ਟੀਮ ਵਜੋਂ ਹੋਰ ਬਿਹਤਰ ਤਾਲਮੇਲ, ਜ਼ਿੰਮੇਵਾਰੀ ਅਤੇ ਮਿਹਨਤ ਨਾਲ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਕੰਮ ਕਰਨ
  • PublishedOctober 18, 2024

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਪਰਾਲੀ ਪ੍ਰਬੰਧਨ ਸੈਮੀਨਾਰ

ਡਿਪਟੀ ਕਮਿਸ਼ਨਰ, ਐਸ ਐਸ ਪੀ ਗੁਰਦਾਸਪੁਰ ਤੇ ਬਟਾਲਾ ਵਲੋਂ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਦੀ ਕੀਤੀ ਸਮੀਖਿਆ

ਗੁਰਦਾਸਪੁਰ, 18 ਅਕਤੂਬਰ 2024 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਦੀ ਪ੍ਰਧਾਨਗੀ ਹੇਠ ਸਟੱਬਲ ਬਰਨਿੰਗ ਦੀ ਰੋਕਥਾਮ ਨੂੰ ਲੈ ਕੇ ਜਿਲ੍ਹਾ ਪੱਧਰੀ ਪਰਾਲੀ ਪ੍ਰਬੰਧਨ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਐਸ ਐਸ ਪੀ ਗੁਰਦਾਸਪੁਰ, ਹਰੀਸ਼ ਦਾਯਮਾ, ਐਸ ਐਸ ਪੀ ਬਟਾਲਾ, ਸੁਹੇਲ ਕਾਸਿਮ ਮੀਰ, ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ, ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਸਮੇਤ ਪੁਲਿਸ, ਰੈਵੀਨਿਊ, ਖੇਤੀਬਾੜੀ, ਸਹਿਕਾਰੀ ਸਭਾਵਾਂ, ਪ੍ਰਦੂਸ਼ਣ ਕੰਟਰੋਲ ਬੋਰਡ,ਕਲੱਸਟਰ ਅਫਸਰ, ਨੋਡਲ ਅਫਸਰਾਂ, ਫਲਾਇੰਗ ਅਸਕਾਟ ਟੀਮਾਂ, ਪਟਵਾਰੀ, ਸਕੱਤਰਾਂ ਸਮੇਤ ਸਬੰਧਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਮੌਜੂਦ ਸਨ।

ਸਥਾਨਕ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਖੇ ਕਰਵਾਏ ਸੈਮੀਨਾਰ ਦੌਰਾਨ ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਇੱਕ ਟੀਮ ਵਜੋਂ ਹੋਰ ਬਿਹਤਰ ਤਾਲਮੇਲ, ਜਿੰਮੇਵਾਰੀ ਤੇ ਮਿਹਨਤ ਨਾਲ ਕੰਮ ਕਰਨ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਹੋਏ ਵਾਧੇ ਨੂੰ ਰੋਕਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਰ ਸਖ਼ਤ ਨਜ਼ਰ ਰੱਖਣ ਦੀ ਬੇਹੱਦ ਜਰੂਰਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟੱਬਲ ਬਰਨਿੰਗ ਸ਼ੋਸਲ ਤੇ ਨੈਸ਼ਨਲ ਮੁੱਦਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਹਰ ਹਫਤੇ ਇਸ ਸਬੰਧੀ ਰੀਵੀਊ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਹਾਜਰੀਨ ਨੂੰ ਸਖ਼ਤ ਸੰਕੇਤ ਦਿੰਦੇ ਹੋਏ ਦੱਸਿਆ ਕਿ ਹੁਣ ਤੋਂ ਡਿਊਟੀ ਵਿੱਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਸਬੰਧਤ ਐਸ ਐਚ ਓ/ਬੀਟ ਅਫਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ਚ ਕੇਸ ਦਾਇਰ ਕੀਤੇ ਜਾ ਸਕਣਗੇ। ਕਮਿਸ਼ਨ ਨੇ 10 ਅਕਤੂਬਰ, 2024 ਦੇ ਆਪਣੇ ਆਦੇਸ਼ ਵਿੱਚ ਡਿਪਟੀ ਕਮਿਸ਼ਨਰ/ਜ਼ਿਲ੍ਹਾ ਕੁਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ਅਤੇ ਸਟੇਸ਼ਨਾਂ ‘ਤੇ ਤਾਇਨਾਤ ਨੋਡਲ ਅਫ਼ਸਰ, ਸੁਪਰਵਾਈਜ਼ਰੀ ਅਫ਼ਸਰ ਅਤੇ ਸਟੇਸ਼ਨ ਹਾਊਸ ਅਫਸਰ, ਜੋ ਕਿ ਇਨ੍ਹਾਂ ਰੋਕ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਦੀ ਅਯੋਗਤਾ ਦੇ ਸਬੰਧ ਵਿੱਚ ਇਲਾਕਾ ਜੁਡੀਸ਼ੀਅਲ ਮੈਜਿਸਟਰੇਟ ਕੋਲ ਸ਼ਿਕਾਇਤ / ਮੁਕੱਦਮਾ ਦਰਜ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਾਰੇ ਅਧਿਕਾਰੀਆਂ ਵਲੋਂ ਸਖਤ ਮਿਹਨਤ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਸਾਲ ਵੀ ਅਧਿਕਾਰੀ ਆਪਣੇ ਅਣਥੱਕ ਯਤਨਾਂ ਨਾਲ ਹੋਰ ਵਧੇਰੇ ਕਾਰਜ ਕਰਨਗੇ।

ਡਿਪਟੀ ਕਮਿਸ਼ਨਰ ਨੇ ਪਟਵਾਰੀਆਂ, ਖੇਤੀਬਾੜੀ ਅਫਸਰਾਂ, ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ, ਪੇਂਡੂ ਵਿਕਾਸ ਵਿਭਾਗ ਦੇ ਜੇ. ਈ ਅਤੇ ਐਸ ਐਚ ਓਜ਼ ਨੂੰ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਰੋਜਾਨਾ ਹੀ ਸਿੱਧਾ ਵਾਹ ਪੈਂਦਾ ਹੈ, ਇਸ ਲਈ ਉਹ ਪਿੰਡ -ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਅਤੇ ਇੱਕ ਟੀਮ ਬਣਾ ਕੇ ਕਿਸਾਨਾਂ ਨੂੰ ਮਿਲਿਆ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹਨ, ਇਸ ਲਈ ਸਮੂਹ ਵਿਭਾਗ ਅਗਲੇ ਦਿਨਾਂ ਵਿੱਚ ਹੋਰ ਤੇਜੀ ਨਾਲ ਕੰਮ ਕਰਨ। ਪਿੰਡਾਂ ਵਿੱਚ ਜਾਣ ਖਾਸਕਰਕੇ ਪੁਲਿਸ ਵਿਭਾਗ ਪੈਟਰੋਲਿੰਗ ਕਰੇ ਅਤੇ ਫਲੈਗ ਮਾਰਚ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਸਾਨਾਂ ਤੱਕ ਇਨ੍ਹਾਂ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਤੇ ਬਟਾਲਾ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਫੀਲਡ ਪੁਲਿਸ ਅਧਿਕਾਰੀਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਸਰਗਰਮ ਕਰਨ ਦੀ ਅਪੀਲ ਕੀਤੀ।

ਐਸ ਐਸ ਪੀ ਗੁਰਦਾਸਪੁਰ, ਹਰੀਸ਼ ਦਾਯਮਾ, ਐਸ ਐਸ ਪੀ ਬਟਾਲਾ, ਸੁਹੇਲ ਕਾਸਿਮ ਮੀਰ ਵਲੋਂ ਵੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇੱਕਜੁੱਟ ਹੋ ਕੇ ਹੋਰ ਕਾਰਗਰ ਤਰੀਕੇ ਨਾਲ ਫੀਲਡ ਵਿੱਚ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਸਟੱਬਲ ਬਰਨਿੰਗ ਚੁਣੌਤੀਪੂਰਨ ਮੁੱਦਾ ਹੈ ਅਤੇ ਸਮੂਹਿਕ ਯਤਨਾਂ ਨਾਲ ਹੀ ਇਸ ਨੂੰ ਨਜਿਠਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ, ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਵਿਸਥਾਰ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨਾ ਸਾੜਨ ਲਈ ਕੀਤੇ ਉਪਰਾਲਿਆਂ ਦਾ ਜਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਪਿੰਡ ਪੱਧਰ ਤੱਕ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਖੁਦ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਮੁਸ਼ਕਿਲਾਂ ਸੁਣ ਕੇ ਹੱਲ ਕੀਤੀਆਂ ਗਈਆਂ ਹਨ।

ਮੀਟਿੰਗ ਵਿੱਚ ਐਸ ਪੀ (ਐੰਚ) ਗੁਰਦਾਸਪੁਰ ਜੁਗਰਾਜ ਸਿੰਘ, ਐਸ ਪੀ (ਐੱਚ) ਬਟਾਲਾ ਸ੍ਰੀਮਤੀ ਜਸਵੰਤ ਕੋਰ, ਐਸ ਡੀ ਐਮ ਬਟਾਲਾ ਵਿਕਰਮਜੀਤ ਸਿੰਘ, ਐਸ ਡੀ ਐਮ ਡੇਰਾ ਬਾਬਾ ਨਾਨਕ ਰਾਜਪਾਲ ਸਿੰਘ ਸੇਖੋਂ,ਐਸ ਡੀ ਐਮ ਫਤਿਹਗੜ੍ਹ ਚੂੜੀਆਂ ਸ੍ਰੀਮਤੀ ਵੀਰਪਾਲ ਕੋਰ, ਜਿਲਾ ਮਾਲ ਅਫਸਰ ਜਸਕਰਨ ਸਿੰਘ, ਡੀਡੀਪੀਓ ਗੁਰਪ੍ਰੀਤ ਸਿੰਘ, ਰਾਜੇਸ ਕੁਮਾਰ ਕਾਰਜਕਾਰੀ ਇੰਜਨੀਅਰ ਪੀ.ਪੀ.ਸੀ.ਬੀ, ਮੁੱਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰਪਾਲ ਸਿੰਘ, ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ,ਅਤੇ ਬੀ.ਡੀ.ਪੀ.ਓਜ,ਡੀ ਐਸ. ਪੀਜ, ਐਸ ਐਚ ਓਜ, ਰੈਵੀਨਿਊ ਵਿਭਾਗ, ਸਹਿਕਾਰੀ ਵਿਭਾਗ, ਨੋਡਲ ਅਫਸਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Written By
The Punjab Wire