ਗੁਰਦਾਸਪੁਰ ਪੰਜਾਬ

ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਚੱਲ ਰਹੇ ਵਿਵਾਦ ਸਬੰਧੀ ਬੋਲੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ

ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਚੱਲ ਰਹੇ ਵਿਵਾਦ ਸਬੰਧੀ ਬੋਲੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ
  • PublishedOctober 17, 2024

ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਚ ਲੱਗਾ ਹੈ ਅਕਾਲੀ ਦਲ-ਐਡਵੋਕੇਟ ਸੇਖਵਾਂ

ਗਿਆਨੀ ਹਰਪ੍ਰੀਤ ਸਿੰਘ ਸਮੇਤ ਸਾਰੇ ਸਿੰਘ ਸਾਹਿਬਾਨ ਦੇ ਨਾਲ ਚਟਾਨ ਵਾਂਗ ਖੜਾ ਹੈ ਸਮੁੱਚਾ ਸਿੱਖ ਪੰਥ

ਗੁਰਦਾਸਪੁਰ, 17 ਅਕਤੂਬਰ 2024 (ਦੀ ਪੰਜਾਬ ਵਾਇਰ)। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਰਮਿਆਨ ਚੱਲ ਰਹੇ ਵਿਵਾਦ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸਿੱਖ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨ ਦਾ ਸਰਬਉੱਚ ਦਰਜਾ ਹੈ। ਪਰ ਬੇਹੱਦ ਦੁੱਖ ਅਤੇ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਤਖਤ ਸਾਹਿਬਾਨਾਂ ਦੀ ਮਰਿਆਦਾ ਅਤੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਵਿੱਚ ਨਾ ਸਿਰਫ ਬੁਰੀ ਤਰ੍ਹਾਂ ਅਸਫਲ ਹੋਇਆ ਹੈ ਸਗੋਂ ਹੈ ਅਕਾਲੀ ਦਲ ਨੇ ਖੁਦ ਇਹਨਾਂ ਪਵਿੱਤਰ ਅਤੇ ਮਹਾਨ ਸੰਸਥਾਵਾਂ ਨੂੰ ਵੱਡੀ ਢਾਹ ਲਾਈ ਹੈ।

ਜਗਰੂਪ ਸਿੰਘ ਸੇਖਵਾਂ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਅਕਾਲੀ ਦਲ ਦਾ ਕੰਮ ਇਨਾਂ ਪਵਿੱਤਰ ਸੰਸਥਾਵਾਂ ਨੂੰ ਮਜਬੂਤ ਕਰਨਾ ਸੀ ਜਦੋਂ ਕਿ ਪੰਜਾਬ ਦੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਇਸ ਪਾਰਟੀ ਦੀਆਂ ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਕੀਤੇ ਹਨ। ਇਸੇ ਕਾਰਨ ਇਹ ਸੰਸਥਾਵਾਂ ਦਿਨੋ ਦਿਨ ਕਮਜ਼ੋਰ ਹੋਈਆਂ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਵੀ ਅਕਾਲੀ ਦਲ ਆਪਣੀ ਪੀੜੀ ਹੇਠਾਂ ਸੋਟਾ ਫੇਰਨ ਦੀ ਬਜਾਏ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਹੀ ਲੱਗਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਵੱਡੀ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਡਰਾਉਣ ਧਮਕਾਉਣ ਅਤੇ ਬਦਨਾਮ ਕਰਨ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਵੱਲੋਂ ਜਿਸ ਤਰ੍ਹਾਂ ਜਥੇਦਾਰ ਸਾਹਿਬਾਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਹੈ ਉਹ ਬੇਹਦ ਨਿੰਦਣ ਯੋਗ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਨਾਂ ਦੀ ਜਾਤੀ ਤੇ ਵੀ ਸਵਾਲ ਚੁੱਕੇ ਗਏ ਹਨ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਬਾਰੇ ਵੀ ਗਲਤ ਬੋਲਿਆ ਹੈ, ਇਸ ਤੋਂ ਸਿੱਧ ਹੁੰਦਾ ਹੈ ਕਿ ਸਿਆਸੀ ਰੋਟੀਆਂ ਸੇਕਣ ਲਈ ਅਕਾਲੀ ਦਲ ਅਤੇ ਇਸ ਦੇ ਸਮਰਥਕ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਉਹਨਾਂ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਇਸ ਮੌਕੇ ਸਿੱਖ ਕੌਮ ਦੀ ਮਰਿਆਦਾ ਅਤੇ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਬਚਾਉਣ ਲਈ ਅੱਗੇ ਆਉਣ ਅਤੇ ਸਿੰਘ ਸਾਹਿਬਾਨ ਦੇ ਨਾਲ ਚਟਾਨ ਵਾਂਗ ਡੱਟ ਕੇ ਖੜੇ ਹੋਣ। ਉਹਨਾਂ ਨਾਲ ਹੀ ਕਿਹਾ ਕਿ ਉਹ ਬਤੌਰ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਿੰਘ ਸਾਹਿਬਾਨ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਨਾਲ ਹੀ ਉਹਨਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਤੀਫੇ ਨਾ ਦੇਣ ਸਗੋਂ ਅਸਤੀਫੇ ਉਹਨਾਂ ਲੋਕਾਂ ਨੂੰ ਦੇਣੇ ਚਾਹੀਦੇ ਹਨ ਜੋ ਗਲਤੀਆਂ ਅਤੇ ਬੱਜਰ ਗੁਨਾਹ ਕਰ ਰਹੇ ਹਨ।

Written By
The Punjab Wire