ਦੀਨਾਨਗਰ ’ਚ ਕਾਂਗਰਸ ਪੱਖੀ 70 ਫ਼ੀਸਦੀ ਪੰਚਾਇਤਾਂ ਰਹੀਆਂ ਜੇਤੂ : ਅਰੁਣਾ ਚੌਧਰੀ
ਸੱਤਾਧਾਰੀਆਂ ਦੀ ਬਜਾਏ ਲੋਕਾਂ ਨੇ ਕਾਂਗਰਸ ਪੱਖੀ ਉਮੀਦਵਾਰਾਂ ’ਚ ਜਤਾਇਆ ਵਿਸ਼ਵਾਸ : ਅਸ਼ੋਕ ਚੌਧਰੀ
ਸਾਬਕਾ ਕੈਬਨਿਟ ਮੰਤਰੀ ਨੇ ਜੇਤੂ ਪੰਚਾਇਤਾਂ ਨੂੰ ਦਿੱਤੀ ਵਧਾਈ
ਦੀਨਾਨਗਰ, 16 ਅਕਤੂਬਰ 2024 (ਦੀ ਪੰਜਾਬ ਵਾਇਰ )। ਪੰਚਾਇਤੀ ਚੋਣਾਂ ਦੌਰਾਨ ਦੀਨਾਨਗਰ ਹਲਕੇ ’ਚ ਕਾਂਗਰਸ ਪੱਖੀ 70 ਫ਼ੀਸਦੀ ਪੰਚਾਇਤਾਂ ਜੇਤੂ ਰਹੀਆਂ ਹਨ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ’ਚ ਕਾਂਗਰਸ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਪੰਜਾਬ ਦੀ ‘ਆਪ’ ਸਰਕਾਰ ਤੋਂ ਬਿਲਕੁਲ ਖੁਸ਼ ਨਹੀਂ ਹਨ। ਇਹ ਦਾਅਵਾ ਦੀਨਾਨਗਰ ਦੀ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਅੱਜ ਆਪਣੇ ਗ੍ਰਹਿ ਵਿਖੇ ਰੱਖੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਅਮਨ ਅਮਾਨ ਨਾਲ ਹੋਈਆਂ ਹਨ ਪਰ ਕਈਆਂ ਥਾਵਾਂ ’ਤੇ ਬਦਇੰਤਜ਼ਾਮੀ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਪਿੰਡ ਵੱਡਾ ਮੱਟਮ ਸਮੇਤ ਕਈ ਹੋਰ ਪਿੰਡਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਸੱਤਾਧਾਰੀ ਪਾਰਟੀ ਨਾਲ ਜੁਡ਼ੇ ਲੋਕ ਹਾਕਮ ਸਰਕਾਰ ਨੂੰ ਛੱਡ ਕੇ ਕਾਂਗਰਸ ਵੱਲੋਂ ਚੋਣ ਲਡ਼ੇ ਅਤੇ ਜੇਤੂ ਬਣੇ। ਉਨ੍ਹਾਂ ਜੇਤੂ ਰਹੀਆਂ ਪੰਚਾਇਤਾਂ ਨੂੰ ਵਧਾਈ ਵੀ ਦਿੱਤੀ।
ਇਸ ਦੌਰਾਨ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਮਾਣਯੋਗ ਹਾਈਕੋਰਟ ਦੇ ਰੁਖ਼ ਨੂੰ ਭਾਂਪਦਿਆਂ ਚੋਣਾਂ ਜਲਦਬਾਜ਼ੀ ’ਚ ਕਰਵਾਉਣ ਦਾ ਫ਼ੈਸਲਾ ਲਿਆ, ਜਿਸ ਕਾਰਨ ਲੋਕਾਂ ਨੂੰ ਚੋਣਾਂ ਦੀਆਂ ਤਿਆਰੀਆਂ ਜੋਗਾ ਸਮਾਂ ਵੀ ਨਹੀਂ ਮਿਲਿਆ ਪ੍ਰੰਤੂ ਫਿਰ ਵੀ ਪੰਚਾਇਤੀ ਚੋਣਾਂ ਪੂਰੇ ਉਤਸ਼ਾਹ ਨਾਲ ਲਡ਼ੀਆਂ ਗਈਆਂ ਹਨ ਅਤੇ ਜਨਤਾ ਨੇ ਸੱਤਾਧਾਰੀਆਂ ਦੀ ਬਜਾਏ ਕਾਂਗਰਸ ਪੱਖੀ ਉਮੀਦਵਾਰਾਂ ’ਚ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਨੂੰ ਜੇਤੂ ਬਣਾਇਆ ਹੈ। ਜੋ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ‘ਆਪ’ ਦੀ ਸਰਕਾਰ ਲੋਕਾਂ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਇਸੇ ਕਰਕੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ‘ਆਪ’ ਦੇ ਹਲਕਾ ਇੰਚਾਰਜ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਲੋਕ ਇਸ ਆਗੂ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਅਤੇ ਪਿਛਲੇ ਦਿਨੀਂ ਆਪਣੀ ਹੀ ਸਰਕਾਰ ਦੇ ਰਾਜ ’ਚ ਪੁਲਿਸ ਖ਼ਿਲਾਫ਼ ਧਰਨਾ ਲਗਾ ਕੇ ਇਸਨੇ ਇਸ ਗੱਲ ਨੂੰ ਸਾਬਤ ਵੀ ਕੀਤਾ ਹੈ ਕਿ ਜਨਤਾ ਤੋਂ ਬਾਅਦ ਹੁਣ ਪੁਲਿਸ ਤੇ ਪ੍ਰਸ਼ਾਸਨ ਵੀ ਉਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਅਸ਼ੋਕ ਚੌਧਰੀ ਨੇ ਕਿਹਾ ਕਿ ਇਸ ਆਗੂ ਵੱਲੋਂ ਕਈਆਂ ਪਿੰਡਾਂ ’ਚ ਮਨਮਰਜ਼ੀ ਦੀਆਂ ਪੰਚਾਇਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਲਕੇ ਦੀ ਜਨਤਾ ਨੇ ਇਸਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ।