882 ਪੰਚਾਇਤਾਂ ਲਈ ਹੋਵੇਗੀ ਵੋਟਿੰਗ, ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਵੋਟਾਂ ਤੋਂ ਤੁਰੰਤ ਬਾਅਦ ਗਿਣਤੀ ਕਰਕੇ ਐਲਾਨਿਆ ਜਾਵੇਗਾ ਨਤੀਜਾ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਆਪਣੇ ਜ਼ਮਹੂਰੀ ਹੱਕ ਦੀ ਵੱਧ ਚੜ੍ਹ ਕੇ ਵਰਤੋਂ ਕਰਨ ਦਾ ਸੱਦਾ
ਗੁਰਦਾਸਪੁਰ, 14 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਚਾਇਤ ਚੋਣਾਂ 2024 ਲਈ ਕੱਲ੍ਹ 15 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੋਟਿੰਗ ਲਈ ਪੋਲਿੰਗ ਸਟਾਫ਼ ਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।
ਉਨ੍ਹਾਂ ਦੱਸਿਆ ਗੁਰਦਾਸਪੁਰ ਜਿਲ੍ਹੇ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ ਅਤੇ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਸਹੂਲਤ ਲਈ ਪਾਣੀ ਤੇ ਬਿਜਲੀ ਆਦਿ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1279 ਪੰਚਾਇਤਾਂ ਹਨ ਅਤੇ 397 ਪੰਚਾਇਤਾਂ, ਜਿਨ੍ਹਾਂ ਵਿੱਚ ਸਰਬਸੰਮਤੀ ਜਾਂ ਕੋਈ ਵੀ ਯੋਗ ਉਮੀਦਵਾਰ ਨਹੀਂ ਹੈ, ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 882 ਪੰਚਾਇਤਾਂ ਲਈ ਵੋਟਿੰਗ ਹੋਵੇਗੀ, ਜਿਸ ਲਈ 1090 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 431 ਸੰਵੇਦਨਸ਼ੀਲ, 77 ਅਤਿ ਸੰਵੇਦਨਸ਼ੀਲ ਅਤੇ 582 ਨਾਰਮਲ ਪੋਲਿੰਗ ਬੂਥ ਹਨ।
ਡਿਪਟੀ ਕਮਿਸ਼ਨਰ ਨੇ ਪੰਚਾਇਤੀ ਰਾਜ ਨੂੰ ਲੋਕਤੰਤਰ ਦਾ ਮੁੱਢ ਦੱਸਦਿਆਂ ਕਿਹਾ ਕਿ ਲੋਕ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ, ਡਰ-ਭੈਅ ਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਉਪਰੰਤ ਮੌਕੇ ਉੱਪਰ ਹੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਗੁਰਦਾਸਪੁਰ ਅਤੇ ਐਸ ਐਸ. ਪੀ ਬਟਾਲਾ ਵਲੋਂ ਪੰਚਾਇਤ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕਟਰ ਅਫਸਰਾਂ, ਫਲਾਇੰਗ ਸਕਐਡ ਟੀਮਾਂ ਅਤੇ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਵਲੋਂ ਮਾੜੇ ਅਨਸਰਾਂ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਵੀਡੀਓਗ੍ਰਾਫੀ ਕਰਵਾਈ ਜਾਵੇ। ਉਨ੍ਹਾਂ ਦੱਸਿਆ ਫਲਾਇੰਗ ਸਕਐਡ ਟੀਮਾਂ ਨਾਲ ਵੀ ਵੀਡੀਓਗ੍ਰਾਫ ਤਾਇਨਾਤ ਕੀਤਾ ਗਿਆ ਹੈ, ਜੋ ਬਲਾਕ ਵਿੱਚ ਵੀਡੀਓਗ੍ਰਾਫੀ ਕਰਨਗੇ।
ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣੀ ਸ਼ਨਾਖਤ ਲਈ ਐਪਿਕ ਵੋਟਰ ਸ਼ਨਾਖ਼ਤੀ ਕਾਰਡ ਮੌਜੂਦ ਨਹੀਂ ਹੈ ਤਾਂ ਉਹ ਵੋਟਰ ਹੋਰ ਕਿਸੇ ਵੀ ਡਾਕੂਮੈਂਟ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁੱਕ, ਮਨਰੇਗਾ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਅਤੇ ਸਮਾਰਟ ਕਾਰਡ ਸਬੰਧਤ ਅਧਿਕਾਰੀ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।