ਪੰਚਾਇਤੀ ਚੋਣਾ 2024 ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਗੁਰਦਾਸਪੁਰ ਦੇ 200 ਲਾਇਸੰਸ ਧਾਰਕਾਂ ਦੇ ਹਥਿਆਰ ਜਮ੍ਹਾਂ ਕਰਵਾਏ
ਉਮਾ ਸ਼ੰਕਰ ਗੁਪਤਾ, ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ
ਗੁਰਦਾਸਪੁਰ, 10 ਅਕਤੂਬਰ 2024 (ਦੀ ਪੰਜਾਬ ਵਾਇਰ)। ਮਾਨਯੋਗ ਚੋਣ ਕਮਿਸ਼ਨ, ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਉਮਾ ਸ਼ੰਕਰ ਗੁਪਤਾ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਸੁਰਿੰਦਰ ਸਿੰਘ, ਵਧੀਕ ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ, ਜੁਗਰਾਜ ਸਿੰਘ, ਪੁਲਿਸ ਕਪਤਾਨ (ਹੈੱਡਕੁਆਰਟਰ), ਗੁਰਦਾਸਪੁਰ ਅਤੇ ਸ੍ਰੀਮਤੀ ਜਸਵੰਤ ਕੌਰ, ਪੁਲਿਸ ਕਪਤਾਨ, ਬਟਾਲਾ ਹਾਜਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਚੋਣਾ 2024 ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਗੁਰਦਾਸਪੁਰ ਦੇ 200 ਲਾਇਸੰਸ ਧਾਰਕਾਂ, ਜਿਨ੍ਹਾਂ ਦਾ ਕਰੀਮੀਨਲ ਰਿਕਾਰਡ ਹੈ, ਦੇ ਹਥਿਆਰ ਜਮ੍ਹਾਂ ਕਰਵਾਏ ਗਏ ਹਨ, ਤਾਂ ਜੋ ਕੋਈ ਸ਼ਰਾਰਤੀ ਅਨਸਰ ਪੰਚਾਇਤੀ ਚੋਣਾਂ ਵਿੱਚ ਵਿਘਨ ਨਾ ਪਾ ਸਕੇ ਅਤੇ ਚੋਣਾਂ ਅਮਨ-ਸ਼ਾਂਤੀ ਨਾਲ ਨੇਪੜੇ ਚੜ੍ਹ ਸਕਣ। ਇੱਥੇ ਇਹ ਵੀ ਦੱਸਣਯੋਗ ਹੈ ਪੁਲਿਸ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਨੂੰ ਮੁੱਖ ਰੱਖਦੇ ਹੋਏ ਹੋਰ ਕਈ ਆਮ ਨਾਗਰਿਕਾ ਵੱਲੋਂ ਵੀ ਹਥਿਆਰ ਜਮ੍ਹਾ ਕਰਵਾਏ ਗਏ ਹਨ।
ਮੀਟਿੰਗ ਦੌਰਾਨ ਜਿਲ੍ਹਾ ਮੈਜਿਸਟਰੇਟ ਨੇ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਚਾਇਤੀ ਚੋਣਾਂ ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ-ਸਾਂਤੀ ਨੂੰ ਕਾਇਮ ਰੱਖਣ ਲਈ ਸਮੇਂ ਸਮੇਂ ਤੇ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।