ਪਰਾਲੀ ਪ੍ਰਬੰਧਨ: ਹਰ ਪਿੰਡ ਵਿੱਚ ਲੋੜੀਂਦੀ ਖੇਤੀ ਮਸ਼ੀਨਰੀ ਯਕੀਨੀ ਬਣਾਈ ਜਾਵੇ – ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ
ਗੁਰਦਾਸਪੁਰ, 7 ਅਕਤੂਬਰ 2024 (ਦੀ ਪੰਜਾਬ ਵਾਇਰ)। ਸਟੱਬਲ ਬਰਨਿੰਗ (ਪਰਾਲੀ ਸਾੜਨ) ਰੋਕਣ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਪ੍ਰਧਾਨਗੀ ਹੇਠ ਇਕ ਮੁਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸੁਰਿੰਦਰਪਾਲ ਸਿੰਘ, ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਦੀਪਕ ਭਾਰਦਵਾਜ, ਕਲੱਸਟਰ ਇੰਚਾਰਜ ਅਤੇ ਕੋਆਪਰੇਟਿਵ ਸੋਸਾਇਟੀਆਂ ਦੇ ਇੰਸਪੈਕਟਰ ਸਮੇਤ ਕਈ ਹੋਰ ਅਧਿਕਾਰੀ ਸ਼ਾਮਿਲ ਹੋਏ।
ਮਸ਼ੀਨਰੀ ਦੀ ਮੈਪਿੰਗ ਤੇ ਪਿੰਡ ਪੱਧਰ ਤੇ ਨੋਡਲ ਅਫਸਰਾਂ ਦੀ ਨਿਯੁਕਤੀ
ਡੀਸੀ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਖੇਤੀਬਾੜੀ ਮਸ਼ੀਨਰੀ ਦੀ ਮੈਪਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਪਿੰਡ ਪੱਧਰ ਤੇ ਨਿਯੁਕਤ ਕੀਤੇ ਗਏ ਨੋਡਲ ਅਫਸਰ ਅਤੇ ਮਸ਼ੀਨਰੀ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਤੇ ਕਿਹਾ ਕਿ ਹਰ ਪਿੰਡ ਵਿੱਚ ਲੋੜੀਂਦੀ ਖੇਤੀ ਮਸ਼ੀਨਰੀ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ।
ਉੱਨਤ ਕਿਸਾਨ ਐਪ ਦੀ ਵਰਤੋਂ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ‘ਉੱਨਤ ਕਿਸਾਨ’ ਐਪ ਉਨ੍ਹਾਂ ਦੀ ਮਦਦ ਲਈ ਇੱਕ ਮਹੱਤਵਪੂਰਨ ਸਾਧਨ ਹੈ। ਇਸ ਐਪ ਰਾਹੀਂ ਕਿਸਾਨ ਆਪਣੇ ਨੇੜਲੇ ਇਲਾਕੇ ਵਿੱਚ ਉਪਲਬਧ ਖੇਤੀ ਮਸ਼ੀਨਰੀ ਬੁੱਕ ਕਰ ਸਕਦੇ ਹਨ। ਮਸ਼ੀਨਾਂ ਦੀ ਬੁਕਿੰਗ ਦੇ ਕੰਮ ਨੂੰ ਸੁਗਮ ਬਣਾਉਣ ਲਈ ਪਿੰਡ ਪੱਧਰ ਤੇ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।
ਮੁਸ਼ਕਿਲਾਂ ਹੱਲ ਕਰਨ ਲਈ ਸੰਪਰਕ ਅਤੇ ਹੈਲਪਲਾਈਨ
ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਉਹ ਖੇਤੀਬਾੜੀ ਵਿਭਾਗ ਜਾਂ ਨੇੜਲੇ ਐਸਡੀਐਮ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ, ਕਿਸਾਨਾਂ ਲਈ 1800-180-1852 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਸੰਪਰਕ ਕਰਕੇ ਉਹ ਮਦਦ ਲੈ ਸਕਦੇ ਹਨ।
ਕਿਸਾਨਾਂ ਨੂੰ ਅਪੀਲ
ਸ੍ਰੀ ਗੁਪਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਸਹਿਯੋਗ ਦੇਣ।