ਮੰਤਰੀ ਸਮੇਤ ਹਰੇਕ ਅਹੁਦੇ ਤੇ ਕੰਮ ਕਰਦਿਆਂ ਸਵ: ਸੇਖਵਾਂ ਨੇ ਦਿੱਤਾ ਆਪਣੀ ਕਾਬਲੀਅਤ ਅਤੇ ਸਮਰਪਿਤ ਸੋਚ ਦਾ ਪ੍ਰਤੱਖ ਪ੍ਰਮਾਣ- ਕੈਬਨਿਟ ਮੰਤਰੀ ਮਹਿੰਦਰ ਭਗਤ
ਸਮਾਜ, ਸਿੱਖਿਆ ਅਤੇ ਰਾਜਨੀਤੀ ਸਮੇਤ ਹਰੇਕ ਖੇਤਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਰਹਿਣਗੇ ਸਵਰਗੀ ਸੇਵਾ ਸਿੰਘ ਸੇਖਵਾਂ- ਐਡਵੋਕੇਟ ਜਗਰੂਪ ਸੇਖਵਾਂ
ਗੁਰਦਾਸਪੁਰ, 6 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਦੀ ਸਿਆਸਤ ਵਿੱਚ ਰੋਸ਼ਨ ਦਿਮਾਗ ਵਜੋਂ ਜਾਣੇ ਜਾਂਦੇ ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਯਾਦ ਵਿੱਚ ਅੱਜ ਤੀਸਰਾ ਬਰਸੀ ਸਮਾਗਮ ਉਨਾਂ ਦੇ ਜੱਦੀ ਪਿੰਡ ਸੇਖਵਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਕਾਦੀਆਂ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸੈਂਕੜੇ ਲੋਕਾਂ ਨੇ ਪਹੁੰਚ ਕੇ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਨਾਂ ਦੇ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਅਨੇਕਾਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਦੇ ਵੀ ਪਹੁੰਚ ਕੇ ਸਵਰਗੀ ਜਥੇਦਾਰ ਸੇਖਵਾਂ ਦੀਆਂ ਸਮਾਜ ਰਾਜਨੀਤੀ ਅਤੇ ਧਰਮ ਦੇ ਖੇਤਰ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਨੂੰ ਸਿਜਦਾ ਕੀਤਾ।
ਇਸ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਸਵਰਗੀ ਜਥੇਦਾਰ ਸੇਵਾ ਸਿੰਘ ਦੇ ਸਪੁੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਚੇਅਰਮੈਨ ਜਿਲਾ ਪਲਾਨਿੰਗ ਬੋਰਡ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਜੀਵਨੀ ਦੇ ਅਹਿਮ ਪਹਿਲੂਆਂ ‘ਤੇ ਝਾਤ ਪਾਉਂਦਿਆਂ ਕਿਹਾ ਕਿ ਸੇਵਾ ਸਿੰਘ ਸੇਖਵਾਂ ਪਰਿਵਾਰਕ ਅਤੇ ਸਮਾਜਿਕ ਪੱਖ ਤੋਂ ਬੇਹੱਦ ਸੰਤੁਸ਼ਟ ਅਤੇ ਖੁਸ਼ੀ ਵਾਲਾ ਜੀਵਨ ਬਤੀਤ ਕਰਕੇ ਗਏ ਹਨ। ਪਰ ਉਹ ਪੰਥ, ਪੰਜਾਬ ਅਤੇ ਦੇਸ਼ ਦੇ ਹਿੱਤਾਂ ਨੂੰ ਲੈ ਕੇ ਬੇਹੱਦ ਚਿੰਤਤ ਸਨ। ਖਾਸ ਤੌਰ ‘ਤੇ ਪਿਛਲੇ ਕੁਝ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਵੱਡੇ ਨਿਘਾਰ ਅਤੇ ਸਿੱਖ ਪੰਥ ਉੱਤੇ ਅਕਾਲੀ ਦਲ ਦੀ ਰਾਜਨੀਤੀ ਦੇ ਹਾਵੀ ਹੋਣ ਨੂੰ ਲੈ ਕੇ ਉਹ ਬੇਹੱਦ ਦੁਖੀ ਰਹਿੰਦੇ ਸਨ।
ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇੱਕ ਰਾਜਨੀਤਿਕ ਗੁਰੂ ਹੀ ਨਹੀਂ ਸਗੋਂ ਲੋਕਾਂ ਦੇ ਪ੍ਰੇਰਨਾ ਸਰੋਤ ਸਨ, ਜਿਨ੍ਹਾਂ ਨੇ ਹਮੇਸ਼ਾ ਨਿੱਜੀ ਜੀਵਨ, ਪਰਿਵਾਰਿਕ ਜੀਵਨ, ਸਮਾਜਿਕ ਜੀਵਨ, ਧਾਰਮਿਕ ਜੀਵਨ ਅਤੇ ਰਾਜਨੀਤਿਕ ਜੀਵਨ ਵਿੱਚ ਦੂਰ ਅੰਦੇਸ਼ੀ ਸੋਚ ਦਿਖਾ ਕੇ ਲੱਖਾਂ ਲੋਕਾਂ ਦਾ ਮਾਰਗਦਰਸ਼ਨ ਕੀਤਾ। ਉਹਨਾਂ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਹਮੇਸ਼ਾ ਰਾਜਨੀਤੀ ਨੂੰ ਧਰਮ ਤੋਂ ਹੇਠਾਂ ਰੱਖਦੇ ਸਨ ਅਤੇ ਉਨਾਂ ਦਾ ਮੰਨਣਾ ਸੀ ਕਿ ਜਿੰਨੀ ਦੇਰ ਧਰਮ ਰਾਜਨੀਤੀ ਤੋਂ ਉੱਪਰ ਰਹੇਗਾ ਉਨੀ ਦੇਰ ਸਿੱਖ ਕੌਮ ਅਤੇ ਅਕਾਲੀ ਦਲ ਨੂੰ ਕੋਈ ਵੀ ਢਾਹ ਨਹੀਂ ਲਾ ਸਕਦਾ। ਉਹਨਾਂ ਕਿਹਾ ਕਿ ਸੇਖਵਾਂ ਸਾਹਿਬ ਨੇ ਕਈ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਸ ਲੀਹ ‘ਤੇ ਅਕਾਲੀ ਦਲ ਚੱਲ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਵਿੱਚ ਵੱਡੀ ਗਿਰਾਵਟ ਆਵੇਗੀ ਅਤੇ ਉਨਾਂ ਦੀਆਂ ਕਹੀਆਂ ਸਾਰੀਆਂ ਗੱਲਾਂ ਅੱਜ ਸੱਚ ਹੋ ਰਹੀਆਂ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਜਿਸ ਵੀ ਖੇਤਰ ਵਿੱਚ ਰਹੇ ਉਹਨਾਂ ਨੇ ਉੱਥੇ ਆਪਣੀ ਕਾਬਲੀਅਤ ਦੀ ਵਿਲੱਖਣ ਮਿਸਾਲ ਛੱਡੀ ਹੈ। ਉਹਨਾਂ ਕਿਹਾ ਕਿ ਕਰੀਬ 14 ਸਾਲ ਅਧਿਆਪਕ ਵਜੋਂ ਕੰਮ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਇੱਕ ਸਮਰਪਿਤ ਸਿੱਖ ਰਹੇ ਜਿਨਾਂ ਦੇ ਪੜਾਏ ਹੋਏ ਬੱਚਿਆਂ ਵਿੱਚੋਂ ਇੱਕ ਵੀ ਵਿਦਿਆਰਥੀ ਕਦੇ ਫੇਲ ਨਹੀਂ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਆਪਣੇ ਪਿਤਾ ਸਵਰਗੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਦੇਹਾਂਤ ਪਿੱਛੋਂ ਸਿਆਸਤ ਸ਼ੁਰੂ ਕੀਤੀ ਤਾਂ ਬਤੌਰ ਵਿਧਾਇਕ ਅਤੇ ਕੈਬਨਿਟ ਮੰਤਰੀ ਸਮੇਤ ਹੋਰ ਅਹੁਦਿਆਂ ‘ਤੇ ਰਹਿੰਦਿਆਂ ਉਹਨਾਂ ਨੇ ਆਪਣੀ ਕਾਬਲੀਅਤ ਅਚੇ ਪੰਜਾਬ ਦੀ ਭਲਾਈ ਲਈ ਸਮਰਪਿਤ ਸੋਚ ਦਾ ਪ੍ਰਤੱਖ ਪ੍ਰਮਾਣ ਦਿੱਤਾ। ਉਨਾਂ ਆਪਣੇ ਰਾਜਨੀਤਿਕ ਜੀਵਨ ਵਿੱਚ ਹੋਣ ਵਾਲੇ ਨੁਕਸਾਨਾਂ ਦੀ ਪ੍ਰਵਾਹ ਕੀਤੇ ਬਗੈਰ ਸਿੱਖ ਪੰਥ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਨੂੰ ਬਚਾਉਣ ਲਈ ਵੀ ਪਾਰਟੀ ਦੇ ਅੰਦਰੂਨੀ ਆਗੂਆਂ ਦਾ ਵਿਰੋਧ ਕੀਤਾ। ਇਸੇ ਤਰ੍ਹਾਂ ਉਨਾਂ ਬਤੌਰ ਕੈਬਨਿਟ ਮੰਤਰੀ ਹੋਰ ਵੀ ਅਨੇਕਾਂ ਅਜਿਹੀਆ ਪਹਿਲਕਦਮੀਆਂ ਕੀਤੀਆਂ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੱਖਾਂ ਲੋਕ ਯਾਦ ਕਰਦੇ ਹਨ।
ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ ਨੇ ਵੀ ਸੇਵਾ ਸਿੰਘ ਸੇਖਵਾਂ ਅਤੇ ਸੇਖਵਾਂ ਪਰਿਵਾਰ ਦੇ ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ‘ਤੇ ਝਾਤ ਪਾਉਂਦਿਆਂ ਕਿਹਾ ਕਿ ਇਹ ਪਰਿਵਾਰ ਕਰੀਬ ਤਿੰਨ ਪੀੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਰਸਵਾਰਥ ਸੇਵਾ ਕਰਦਾ ਰਿਹਾ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਵਿੱਚ ਇਸ ਪਰਿਵਾਰ ਨੇ ਸੇਵਾ ਸ਼ੁਰੂ ਕੀਤੀ ਹੈ ਤਾਂ ਨਾ ਸਿਰਫ ਪਾਰਟੀ ਨੇ ਜਥੇਦਾਰ ਜਗਰੂਪ ਸਿੰਘ ਸੇਖਮਾਂ ਨੂੰ ਬਹੁਤ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਹਨ, ਸਗੋਂ ਇਸ ਹਲਕੇ ਦੇ ਲੋਕ ਵੀ ਇਸ ਪਰਿਵਾਰ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹਨ। ਇਸੇ ਕਾਰਨ ਅੱਜ ਚੋਣਾਂ ਦੇ ਮਾਹੌਲ ਦੇ ਬਾਵਜੂਦ ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਆਮ ਲੋਕ ਵੱਡੀ ਗਿਣਤੀ ਵਿੱਚ ਜਥੇਦਾਰ ਸੇਵਾ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਹਾਜ਼ਰੀ ਭਰ ਰਹੇ ਹਨ।