ਗੁਰਦਾਸਪੁਰ

ਡਿਪਟੀ ਕਮਿਸ਼ਨਰ,ਉੁਮਾ ਸ਼ੰਕਰ ਗੁਪਤਾ ਅਤੇ ਐਸ.ਐਸ.ਪੀ,ਹਰੀਸ਼ ਦਾਯਮਾ ਵਲੋਂ ਸਰਹੱਦੀ ਪਿੰਡਾਂ ਦਾ ਦੌਰਾ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਪ੍ਰੇਰਿਤ

ਡਿਪਟੀ ਕਮਿਸ਼ਨਰ,ਉੁਮਾ ਸ਼ੰਕਰ ਗੁਪਤਾ ਅਤੇ ਐਸ.ਐਸ.ਪੀ,ਹਰੀਸ਼ ਦਾਯਮਾ ਵਲੋਂ ਸਰਹੱਦੀ ਪਿੰਡਾਂ ਦਾ ਦੌਰਾ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਪ੍ਰੇਰਿਤ
  • PublishedOctober 5, 2024

ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਹਰੇਕ ਨਾਗਰਿਕ ਨੂੰ ਸਰਗਰਮ ਯੋਗਦਾਨ ਪਾਉਣ ਦਾ ਸੱਦਾ

ਲੋੜੀਂਦੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਮੌਜੂਦ, ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ

ਗੁਰਦਾਸਪੁਰ,5 ਅਕਤੂਬਰ 2024 (ਦੀ ਪੰਜਾਬ ਵਾਇਰ )। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਅਤੇ ਐਸ.ਐਸ.ਪੀ, ਹਰੀਸ਼ ਦਾਯਮਾ ਵਲੋਂ ਸਬ ਡਵੀਜ਼ਨ ਕਲਾਨੋਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਮੈਡਮ ਜਯੋਤਸਨਾ ਸਿੰਘ, ਐਸਡੀਐਮ,ਕਲਾਨੋਰ,
ਸੁਰਿੰਦਰਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਮਨਜੀਤ ਸਿੰਘ ਏ.ਡੀ.ਓ ਪ੍ਰਭਜੋਤ ਸਿੰਘ ਅਤੇ ਇੰਜ. ਦੀਪਕ ਭਾਰਦਵਾਜ ਵੀ ਮੌਜੂਦ ਸਨ ।

ਪਿੰਡ ਭਿਖਾਰੀਵਾਲ ਵਿਖੇ ਭੰਡਾਲ, ਅਟਾਰੀ ਤੇ ਬੁੱਚੇਨੰਗਲ ਅਤੇ ਪਿੰਡ ਦੋਸਤਪੁਰ ਵਿਖੇ ਬੋਹੜ ਵਡਾਲਾ, ਕੁੱਕਰ, ਛੋੜ, ਮਾਲੋਮੂਆ, ਅਲੂਨਾ ਅਤੇ ਨੂਰਪੁਰ ਪਿੰਡਾਂ ਦੇ ਕਿਸਾਨਾਂ ਤੇ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਨਾਗਰਿਕ ਨੂੰ ਪੂਰੀ ਸ਼ਿੱਦਤ ਦੇ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਲੋੜ ਹੈ ਅਤੇ ਇਸ ਸੀਜਨ ਦੌਰਾਨ ਆਪਾਂ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਾਂ ਮਨੁੱਖਤਾ, ਬਨਸਪਤੀ ਅਤੇ ਜੀਵ ਜੰਤੂਆਂ ਦੇ ਭਲੇ ਨੂੰ ਯਕੀਨੀ ਬਣਾਉਣ ਲਈ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਾਂਗੇ ਅਤੇ ਪਰਾਲੀ ਨੂੰ ਸਾੜਨ ਦੀ ਬਜਾਏ ਯੋਗ ਪ੍ਰਬੰਧਨ ਨੂੰ ਤਰਜੀਹ ਦੇਵਾਂਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਲਗਭਗ 5,000 ਖੇਤੀ ਮਸ਼ੀਨਾਂ ਮੁੱਹਈਆ ਕਰਵਾਈਆਂ ਗਈਆਂ ਹਨ, ਜਿਨਾਂ ਵਿੱਚ ਬੇਲਰ, ਹੈਪੀ ਸੀਡਰ, ਸੁਪਰ ਸੀਡਰ, ਚੌਪਰ ਸਟਰਾਅ ਰਿਪਰ ਆਦਿ ਵੀ ਸ਼ਾਮਿਲ ਹਨ। ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖੇਤੀ ਮਸ਼ੀਨਰੀ ਪ੍ਰਾਪਤ ਕਰਨ ਪੱਖੋਂ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ, ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਕੋਲ ਉਪਲਬਧ ਮਸ਼ੀਨਰੀ ਬਾਰੇ ਸੂਚਨਾ, ਪਿੰਡਾਂ ਵਿੱਚ ਜਾ ਕੇ ਦੱਸ ਰਹੇ ਹਨ, ਤਾਂ ਜੋ ਕਿਸਾਨ ਆਪਣੀ ਲੋੜ ਮੁਤਾਬਕ ਖੇਤੀ ਮਸ਼ੀਨਰੀ ਹਾਸਲ ਕਰਕੇ, ਉਸ ਦੀ ਵਰਤੋਂ ਨੂੰ ਯਕੀਨੀ ਬਣਾ ਸਕਣ।

ਇਸ ਮੌਕੇ ਐਸ.ਐਸ.ਪੀ, ਗੁਰਦਾਸਪੁਰ, ਹਰੀਸ਼ ਦਾਯਮਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਦੀ ਇਸ ਮੁਹਿੰਮ ਤਹਿਤ ਹਰੇਕ ਪਿੰਡ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਫਸਲਾਂ ਦਾ ਨਾੜ ਸਾੜਨ ਕਾਰਨ ਹੁੰਦੇ ਨੁਕਸਾਨਾਂ ਬਾਰੇ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਪਰਾਲੀ/ਨਾੜ ਨੂੰ ਅੱਗ ਨਾ ਲਗਾਈ ਜਾਵੇ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕਿਸਾਨ ਪੱਖੀ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਝੋਨੇ ਦੀ ਰਹਿੰਦ ਖੁੰਹਦ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਿਸ ਤਰ੍ਹਾਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਗੁਣਵੱਤਾ ਪ੍ਰਦਾਨ ਕੀਤੀ ਜਾ ਸਕਦੀ ਹੈ।

ਇਸ ਮੌਕੇ ਪਿੰਡ ਵਾਸੀਆਂ ਯਕੀਨ ਦਿਵਾਇਆ ਕੇ ਉਹ ਪਰਾਲੀ/ਨਾੜ ਨੂੰ ਅੱਗ ਨਹੀਂ ਲਗਾਉਣਗੇ ਅਤੇ ਉਨ੍ਹਾਂ ਪਰਾਲੀ ਨਾ ਸਾੜਨ ਦਾ ਪ੍ਰਣ ਵੀ ਲਿਆ।

Written By
The Punjab Wire