ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ
ਨਾਮਜ਼ਦਗੀਆਂ ਅੱਜ ਤੋਂ, 151 ਰਿਟਰਨਿੰਗ ਅਧਿਕਾਰੀ ਲੈਣਗੇ ਨਾਮਜ਼ਦਗੀ ਪੱਤਰ
991608 ਵੋਟਰ ਕਰਨਗੇ ਸਰਪੰਚਾਂ ਤੇ ਪੰਚਾਂ ਦੀ ਚੋਣ
ਵੋਟਿੰਗ ਲਈ 1521 ਪੋਲਿੰਗ ਸਟੇਸ਼ਨ ਬਣਾਏ
ਗੁਰਦਾਸਪੁਰ, 26 ਸਤੰਬਰ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ, ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਤਹਿਤ ਕੱਲ੍ਹ 27 ਸਤੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 991608 ਵੋਟਰਾਂ ਵਲੋਂ ਸਰਪੰਚਾਂ ਤੇ ਪੰਚਾਂ ਦੀ ਚੋਣ ਕੀਤੀ ਜਾਵੇਗੀ। ਨਾਮਜ਼ਦਗੀਆਂ ਲਈ 151 ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀਆਂ 4 ਅਕਤੂਬਰ ਤੱਕ ਹੋਣਗੀਆਂ, ਨਾਮਜ਼ਦਗੀ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਨੂੰ ਅਮਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
1279 ਪੰਚਾਇਤਾਂ ਦੇ ਸਰਪੰਚਾਂ ਦੇ ਪੰਚਾਂ ਦੀ ਚੋਣ ਹੋਵੇਗੀ, ਜਿਸ ਲਈ 1521 ਪੋਲਿੰਗ ਬੂਥ ਬਣਾਏ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ 991608 ਵੋਟਰਾਂ ਵਲੋਂ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 519975 ਮਰਦ ਅਤੇ 465566 ਔਰਤਾਂ ਹਨ, ਜਦਕਿ 7 ਵੋਟਰ ਤੀਜ਼ੇ ਲਿੰਗ ਦੇ ਹਨ।
ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ ਲਈ ਆਰ ਓ ਦਾ ਸਥਾਨ ਨਿਰਧਾਰਿਤ ਕੀਤਾ ਗਿਆ ਹੈ। ਬਲਾਕ ਪੱਧਰ ‘ਤੇ ਆਰ ਓ ਬੈਠਣਗੇ। ਬਲਾਕ ਪੱਧਰ ਅਤੇ ਐਸ. ਡੀ. ਐਮ ਦਫਤਰਾਂ ਵਿੱਚ ਪੰਚਾਂ ਤੇ ਸਰਪੰਚਾਂ ਦੀ ਰਾਖਵਾਂਕਰਨ ਦੀ ਸੂਚੀ ਡਿਸਪਲੇਅ ਕੀਤੀ ਗਈ ਹੈ ਅਤੇ ਆਰ ਓ ਦੀਆਂ ਲੋਕੇਸ਼ਨਾਂ ਦੀ ਜਾਣਕਾਰੀ ਵੀ ਡਿਸਪਲੇਅ ਕੀਤੀ ਗਈ ਹੈ।
ਉਨ੍ਹਾ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦਾ ਚੋਣ ਅਮਲਾ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।