ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ
ਮਿਲਕ ਪਲਾਂਟ ਦੇ ਸੁਧਾਰ ਬਾਰੇ ਚਰਚਾ ਕੀਤੀ
ਗੁਰਦਾਸਪੁਰ, 24 ਸਤੰਬਰ 2024 (ਦੀ ਪੰਜਾਬ ਵਾਇਰ)। ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮਿਲਕਫੈੱਡ ਪੰਜਾਬ ਦੇ ਡਾਇਰੈਕਟਰ ਐਡਵੋਕੇਟ ਬਲਜੀਤ ਸਿੰਘ ਪਾਹੜਾ, ਮਿਲਕਫੈੱਡ ਪੰਜਾਬ ਦੇ ਨੁਮਾਇੰਦੇ ਅਤੇ ਮਿਲਕ ਪਲਾਂਟ ਅੰਮ੍ਰਿਤਸਰ ਦੇ ਜੀਐਮ ਵਿਕਰਮਜੀਤ ਸਿੰਘ, ਡੇਅਰੀ ਵਿਕਾਸ ਬੋਰਡ ਦੇ ਨੁਮਾਇੰਦੇ ਬਰਜਿੰਦਰ ਸਿੰਘ, ਇੰਸਪੈਕਟਰ ਸਹਿਕਾਰੀ ਸਭਾ ਰਘੁਬੀਰ ਕੁਮਾਰ ਅਤੇ ਸਮੂਹ ਡਾਇਰੈਕਟਰ ਬੋਰਡ ਹਾਜ਼ਰ ਸਨ। ਮੀਟਿੰਗ ਦੌਰਾਨ ਮਿਲਕ ਪਲਾਂਟ ਦੇ ਸੁਧਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਜੀਐਮ ਵਿਕਰਮਜੀਤ ਸਿੰਘ ਨੇ ਕਿਹਾ ਕਿ ਮਿਲਕਫੈੱਡ ਆਪਣੇ ਗਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਹਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਚੰਗੀ ਕੁਆਲਿਟੀ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਿਲਕ ਪਲਾਂਟ ਨੂੰ ਹੋਰ ਵੀ ਵਧੀਆ ਬਣਾਉਣ ਲਈ ਯੋਗ ਕਦਮ ਚੁੱਕੇ ਜਾਣਗੇ। ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਉਣ ਵਾਲੇ ਸਮੇਂ ਵਿੱਚ ਨਵੇਂ ਉਤਪਾਦ ਲੈ ਕੇ ਆਵਾਂਗੇ।
ਪੰਜਾਬ ਦੇ ਡਾਇਰੈਕਟਰ ਐਡਵੋਕੇਟ ਪਾਹੜਾ ਨੇ ਦੱਸਿਆ ਕਿ ਸਮੂਹ ਡਾਇਰੈਕਟਰ ਅਤੇ ਕਰਮਚਾਰੀਆਂ ਨੂੰ ਮਿਲਕ ਪਲਾਂਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਐਡਵੋਕੇਟ ਪਾਹੜਾ ਨੇ ਕਿਹਾ ਕਿ ਉਹ ਸਮੂਹ ਸਟਾਫ਼ ਦੇ ਸਹਿਯੋਗ ਨਾਲ ਮਿਲਕ ਪਲਾਂਟ ਦੀ ਤਰੱਕੀ ਲਈ ਕੰਮ ਕਰਦੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਮਿਲਕ ਪਲਾਂਟ ਗੁਰਦਾਸਪੁਰ ਨੂੰ ਪੰਜਾਬ ਦੇ ਉੱਨਤ ਮਿਲਕ ਪਲਾਂਟਾਂ ਦੀ ਕਤਾਰ ਵਿੱਚ ਲਿਆਂਦਾ ਜਾਵੇਗਾ।