ਦੀਨਾਨਗਰ ’ਚ ਭਾਜਪਾ ਨੂੰ ਝਟਕਾ, ਪੱਕੇ ਸਮਰਥਕ ਹੋਏ ਕਾਂਗਰਸ ਵਿੱਚ ਸ਼ਾਮਲ
ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਸਿਰੋਪੇ ਪਹਿਨਾ ਕੇ ਕਾਂਗਰਸ ਵਿੱਚ ਕੀਤਾ ਸ਼ਾਮਲ
ਦੀਨਾਨਗਰ, 16 ਸਤੰਬਰ 2024 (ਦੀ ਪੰਜਾਬ ਵਾਇਰ )। ਦੀਨਾਨਗਰ ਸ਼ਹਿਰ ਅੰਦਰ ਭਾਜਪਾ ਦੇ ਪੱਕੇ ਸਮਰਥਕ ਵਜੋਂ ਜਾਣੇ ਜਾਂਦੇ ਜੁਗਲ ਕਿਸ਼ੋਰ ਮਹਾਜਨ, ਦਾਨਿਸ਼ ਮਹਾਜਨ ਅਤੇ ਵਿਕਰਾਂਤ ਮਹਾਜਨ ਨੇ ਅੱਜ ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦਾ ਪੱਲਾ ਫਡ਼ ਲਿਆ। ਇਨ੍ਹਾਂ ਆਗੂਆਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਪਿੱਛੇ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ਕਰਵਾਏ ਗਏ ਅਣਗਿਣਤ ਵਿਕਾਸ ਕੰਮਾਂ ਨੂੰ ਮੁੱਖ ਕਾਰਨ ਦੱਸਿਆ। ਜੁਗਲ ਕਿਸ਼ੋਰ ਮਹਾਜਨ ਅਤੇ ਦਾਨਿਸ਼ ਮਹਾਜਨ ਨੇ ਕਿਹਾ ਕਿ ਉਹ ਅੱਜ ਤੋਂ ਮੈਡਮ ਅਰੁਣਾ ਚੌਧਰੀ ਨਾਲ ਚੱਲਣਗੇ ਅਤੇ ਉਨ੍ਹਾਂ ਦੇ ਪੱਕੇ ਸਿਪਾਹੀ ਬਣ ਕੇ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਇਨ੍ਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਯੂਥ ਆਗੂ ਆਤਿਸ਼ ਮਹਾਜਨ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ।
ਇਸ ਦੌਰਾਨ ਉਕਤ ਭਾਜਪਾ ਆਗੂਆਂ ਨੂੰ ਸਿਰੋਪੇ ਪਹਿਨਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਹੁਣ ਤੱਕ ਕਈ ਭਾਜਪਾ ਆਗੂ ਤੇ ਵਰਕਰ ਉਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਜੋ ਉਨ੍ਹਾਂ ਲੋਕਾਂ ਦੀ ਉਸਾਰੂ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਆਉਣ ਵਾਲਾ ਸਮਾਂ ਹੁਣ ਕਾਂਗਰਸ ਪਾਰਟੀ ਦਾ ਹੈ ਅਤੇ 2027 ਵਿੱਚ ਕਾਂਗਰਸ ਮੁਡ਼ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਵੇਗੀ। ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਉਨ੍ਹਾਂ ਦੀ ਪਾਰਟੀ ਜੁਆਇਨ ਕਰਨ ਵਾਲਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ’ਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਕੰਮ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕਰਵਾਇਆ ਗਿਆ ਹੈ ਉਹ ਇੱਕ ਰਿਕਾਰਡ ਹੈ ਅਤੇ ਇਸਨੂੰ ਤੋਡ਼ਨਾ ਕਿਸੇ ਭਾਜਪਾ ਜਾਂ ‘ਆਪ’ ਆਗੂ ਦੇ ਵੱਸ ਦੀ ਗੱਲ ਨਹੀਂ ਹੈ।
ਆਤਿਸ਼ ਮਹਾਜਨ ਨੇ ਦਾਅਵਾ ਕੀਤਾ ਕਿ ਜੋ ਲੋਕ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਹ ਜਨਮ ਜਨਮ ਤੋਂ ਭਾਜਪਾ ਨਾਲ ਜੁਡ਼ੇ ਹੋਏ ਸਨ ਪਰ ਵਿਧਾਇਕਾ ਅਰੁਣਾ ਚੌਧਰੀ ਦੇ ਕੰਮਾਂ ਅਤੇ ਸਾਫ਼ ਸੁਧਰੇ ਅਕਸ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਅਨਿਲ ਮਹਾਜਨ ਅਤੇ ਵਿੱਕੀ ਅਗਰਵਾਲ ਵੀ ਮੌਜੂਦ ਸਨ।