ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ, ਖੇਤੀਬਾੜੀ ਪਰਾਲੀ ਸੰਦ ਦੀ ਖਰੀਦ ਵਿੱਚ ਪੰਜਾਬ ਭਰ ਵਿੱਚੋਂ ਮੋਹਰੀ-ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ

ਜ਼ਿਲ੍ਹਾ ਗੁਰਦਾਸਪੁਰ, ਖੇਤੀਬਾੜੀ ਪਰਾਲੀ ਸੰਦ ਦੀ ਖਰੀਦ ਵਿੱਚ ਪੰਜਾਬ ਭਰ ਵਿੱਚੋਂ ਮੋਹਰੀ-ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ
  • PublishedSeptember 15, 2024

762 ਵਿਚੋਂ 588 ਖੇਤੀਬਾੜੀ ਪਰਾਲੀ ਮਸ਼ੀਨਰੀ ਦੀ ਕੀਤੀ ਜਾ ਚੁੱਕੀ ਹੈ ਖਰੀਦ

ਗੁਰਦਾਸਪੁਰ, 15 ਸਤੰਬਰ 2024 (ਦੀ ਪੰਜਾਬ ਵਾਇਰ )। ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ, ਖੇਤੀਬਾੜੀ ਪਰਾਲੀ ਸੰਦ ਦੀ ਖਰੀਦ ਵਿੱਚ ਪੰਜਾਬ ਭਰ ਵਿੱਚੋਂ ਮੋਹਰੀ ਹੈ ਅਤੇ 762 ਮਨਜ਼ੂਰ ਹੋਏ ਖੇਤੀਬਾੜੀ ਪਰਾਲੀ ਸੰਦਾਂ ਵਿਚੋਂ 588 ਸੰਦਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ 77 ਫੀਸਦ ਬਣਦੀ ਹੈ ਅਤੇ ਖਰੀਦ ਦੇ ਹਿਸਾਬ ਨਾਲ ਗੁਰਦਾਸਪੁਰ, ਸੂਬੇ ਭਰ ਵਿੱਚੋਂ ਮੋਹਰੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਜਾਗਰੂਕ ਕਰਨ ਦੇ ਨਾਲ ਪਰਾਲੀ ਸੰਭਾਲਣ ਦੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਜਰੂਰਤ ਹੀ ਨਾ ਪਾ ਪਵੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਾਟ ਸਪਾਟ ਪਿੰਡਾਂ ਲਈ ਕੁੱਲ 102 ਮਸ਼ੀਨਾਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਸ ਵਿੱਚੋਂ 89 ਮਸ਼ੀਨਾਂ ਖਰੀਦੀਆਂ ਜਾ ਚੁੱਕੀਆਂ ਹੈ। ਬਾਕੀ 13 ਮਸ਼ੀਨਾਂ ਲਈ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਲਈ ਸੱਦਿਆ ਗਿਆ ਹੈ ਅਤੇ ਕਿਸਾਨਾਂ ਨੇ ਕਿਹਾ ਕਿ ਉਹ ਇਸ ਹਫਤੇ ਮਸ਼ੀਨਰੀ ਖਰੀਦ ਲੈਣਗੇ।

ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹੇ ਵਿੱਚ ਕਿਸਾਨਾਂ ਦੇ ਸਹਿਯੋਗ ਨਾਲ ਇਸ ਵਾਰ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਇ ਪੈਲੀ ਵਿੱਚ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪਿੰਡ ਪੱਧਰ ਤੱਕ ਸਿਵਲ ਤੇ ਪੁਲਿਸ ਵਿਭਾਗ ਦੀਆਂ ਗਠਿਤ ਟੀਮਾਂ ਵਲੋਂ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਅਤੇ ਕਿਸਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸੁਰਿੰਦਰਪਾਲ ਸਿੰਘ ਅਤੇ ਇੰਜੀਨੀਅਰ ਦੀਪਕ ਭਾਰਦਵਾਜ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਖੇਤੀਬਾੜੀ ਪਰਾਲੀ ਸੰਦ ਮੁਹੱਈਆ ਕਰਵਾਉਣ ਵਾਸਤੇ ਐਗਰੀ ਮਸ਼ੀਨਰੀ ਪੰਜਾਬ ਪੋਰਟਲ ਕਿਸਾਨਾਂ ਵਾਸਤੇ ਮਿਤੀ 19 ਸਤੰਬਰ 2024 ਤੱਕ ਖੋਲਿਆ ਗਿਆ ਹੈ। ਇਸ ਪੋਰਟਲ ਤੇ ਕਿਸਾਨ 50 ਫੀਸਦ ਤੇ 80 ਫੀਸਦ ਸਬਸਿਡੀ ਤੇ ਸੰਦ ਲੈਣ ਲਈ ਅਪਲਾਈ ਕਰ ਸਕਦੇ ਹਨ। ਵਿਅਕਤੀਗਤ ਤੌਰ ਤੇ ਸੰਦ ਖਰੀਦਣ ਲਈ 50 ਫੀਸਦ ਅਤੇ ਪੰਚਾਇਤ ਤੇ ਕਿਸਾਨ ਗਰੁੱਪ ਆਦਿ 80 ਫੀਸਦੀ ਤੇ ਖੇਤੀਬਾੜੀ ਪਰਾਲੀ ਸੰਦ ਖਰੀਦ ਸਕਦੇ ਹਨ। ਖੇਤੀਬਾੜੀ ਪਰਾਲੀ ਸੰਦ ਜਿਵੇਂ ਬੇਲਰ, ਰੈਕ, ਸੁਪਰਸੀਡਰ ਤੇ ਗੱਠਾਂ ਬੰਨਣ ਵਾਲ ਸੰਦ ਸ਼ਾਮਲ ਹਨ।

Written By
The Punjab Wire