ਗੁਰਦਾਸਪੁਰ

ਜੇਕਰ ਕੂੜਾ ਸੁੱਟਣ ਲਈ ਪੱਕੀ ਜਗ੍ਹਾ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਬਹਿਲ ਅਤੇ ਪਹਾੜਾ ਅਸਤੀਫਾ ਦੇ ਦੇਣ, ਮੈਂ ਆਪਣੀ ਜ਼ਮੀਨ ਦੇਵਾਂਗਾ -ਬੱਬੇਹਾਲੀ

ਜੇਕਰ ਕੂੜਾ ਸੁੱਟਣ ਲਈ ਪੱਕੀ ਜਗ੍ਹਾ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਬਹਿਲ ਅਤੇ ਪਹਾੜਾ ਅਸਤੀਫਾ ਦੇ ਦੇਣ, ਮੈਂ ਆਪਣੀ ਜ਼ਮੀਨ ਦੇਵਾਂਗਾ -ਬੱਬੇਹਾਲੀ
  • PublishedSeptember 14, 2024

ਬੱਬੇਹਾਲੀ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਖੇੜ ਰਹੇ ਦੋਸਤਾਨਾ ਮੈਚ, ਕੀਤੀ ਜਾਂਵੇ ਜਾਂਚ

ਗੁਰਦਾਸਪੁਰ, 14 ਸਤੰਬਰ 2024 (ਦੀ ਪੰਜਾਬ ਵਾਇਰ)। ਜੇਕਰ ਕੂੜਾ ਸੁੱਟਣ ਲਈ ਪੱਕੀ ਥਾਂ ਨਹੀਂ ਮਿਲਦੀ ਤਾਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਮੈਂ ਆਪਣੀ 5 ਕਿੱਲੇ ਜ਼ਮੀਨ ਕੂੜੇ ਲਈ ਦੇ ਕੇ ਜਾਂ ਖੁਦ ਜਗ੍ਹਾ ਲੱਭ ਕੇ ਇਸ ਸਮੱਸਿਆ ਦਾ ਹੱਲ ਕਰਾਂਗਾ। ਉਪਰੋਕਤ ਵਿਚਾਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਬੱਬੇਹਾਲੀ ਨੇ ‘ਆਪ’ ਚੇਅਰਮੈਨ ਅਤੇ ਕਾਂਗਰਸੀ ਵਿਧਾਇਕ ਵਿਚਾਲੇ ਆਪਸ ਵਿੱਚ ਦੋਸਤਾਨਾ ਮੈਚ ਖੇਡਣ ਦਾ ਦੋਸ਼ ਲਗਾਇਆ।

ਬੱਬੇਹਾਲੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੂੜਾ ਸੁੱਟਣ ਲਈ ਕੋਈ ਪੱਕੀ ਥਾਂ ਨਹੀਂ ਮਿਲ ਰਹੀ। ਕੂੜੇ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ 2007 ਵਿੱਚ ਵਿਧਾਇਕ ਬਣੇ ਸਨ ਤਾਂ ਉਸ ਸਮੇਂ ਵੀ ਇਹੋ ਹਾਲ ਸੀ। ਉਸ ਸਮੇਂ ਬਾਈਪਾਸ ’ਤੇ ਕੂੜਾ ਡੰਪ ਬਣਿਆ ਹੋਇਆ ਸੀ। ਕਾਲਜ ਦੇ ਬੱਚੇ ਅਤੇ ਬਾਹਰੋਂ ਆਉਣ ਵਾਲੇ ਲੋਕ ਵਿਸ਼ੇਸ਼ ਤੌਰ ‘ਤੇ ਚਿੰਤਤ ਸਨ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਚੌਪੜਾ ਵਿੱਚ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ। ਕਿਉਂਕਿ ਉਹ ਥਾਂ ਪਿੰਡ ਤੋਂ ਬਹੁਤ ਦੂਰ ਸੀ ਅਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਇਸ ਮਗਰੋਂ ਪੰਚਾਇਤ ਵਿੱਚ ਮਤਾ ਪਾ ਕੇ ਇਹ ਜ਼ਮੀਨ ਪੰਜ ਸਾਲ ਲਈ ਲਈ ਗਈ। ਇਸ ਤੋਂ ਬਾਅਦ ਉੱਥੇ ਲਗਾਤਾਰ ਕੂੜਾ ਸੁੱਟਿਆ ਜਾਣ ਲੱਗਾ। ਇਸ ਕਾਰਨ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਕੂੜਾ ਡੰਪ ਕੀਤਾ ਗਿਆ ਸੀ। ਬਦਬੂ ਅਤੇ ਮੱਖੀਆਂ ਨੂੰ ਰੋਕਣ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਈਓ ਭੁਪਿੰਦਰ ਸਿੰਘ ਨੇ ਨਾ ਤਾਂ ਡੰਪ ’ਤੇ ਮਿੱਟੀ ਪਾਈ ਅਤੇ ਨਾ ਹੀ ਜੇਸੀਬੀ ਮਸ਼ੀਨ ਚਾਲੂ ਕਰਵਾਈ। ਉਨ੍ਹਾਂ ਨੇ ਜਾਅਲੀ ਬਿੱਲ ਬਣਾਉਣ ਦਾ ਵੀ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਮਿੱਟੀ ਪਾ ਕੇ ਜੇ.ਸੀ.ਬੀ. ਮਸ਼ੀਨ ਚਾਲੂ ਕੀਤੀ ਗਈ ਤਾਂ ਕਿੱਥੋਂ ਸ਼ੁਰੂ ਹੋਈ?

ਚੇਅਰਮੈਨ ਰਮਨ ਬਹਿਲ ਨੂੰ ਆੜੇ ਹੱਥੀਂ ਲੈਂਦਿਆਂ ਬੱਬੇਹਾਲੀ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਕੋਈ ਘਪਲਾ ਹੋਇਆ ਹੈ ਜਿਸ ਤੇ ਉਹ ਉੰਗਲ ਚੁਕਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਹ ਦੋਸਤਾਨਾ ਮੈਚ ਖੇਡ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਹਮੇਸ਼ਾ ਲੋਕਾਂ ਨਾਲ ਰਹੀ ਹੈ। ਜੇਕਰ ਹਰ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਤਾਂ ਸਾਰਿਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

Written By
The Punjab Wire