ਪ੍ਰਸ਼ਾਸਨ ਤੋਂ ਜਲਦੀ ਮਸਲਾ ਹੱਲ ਕਰਨ ਦੀ ਮੰਗ
ਗੁਰਦਾਸਪੁਰ, 13 ਸਤੰਬਰ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਂਗੂ ਦੇ ਚਾਰ ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਸ਼ਹਿਰ ਵਾਸੀਆਂ ਦੀ ਚਿੰਤਾ ਹੋਰ ਵਧ ਗਈ ਹੈ। ਉਪਰੋਕਤ ਮਰੀਜ਼ਾਂ ਨਾਲ ਜ਼ਿਲ੍ਹੇ ਵਿੱਚ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਡੇਂਗੂ ਦੇ ਵੱਧ ਰਹੇ ਕੇਸਾਂ ਪਿੱਛੇ ਸ਼ਹਿਰ ਵਿੱਚ ਫੈਲਿਆ ਕੂੜਾ ਅਤੇ ਗੰਦਗੀ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਸਤੰਬਰ ਤੱਕ ਦੇ ਅੰਕੜਿਆਂ ਨਾਲੋਂ ਬਹੁਤ ਘੱਟ ਹੈ। ਪਰ ਪਿਛਲੇ ਕਈ ਦਿਨਾਂ ਤੋਂ ਕੂੜੇ ਦੇ ਢੇਰਾਂ ਅਤੇ ਇਸ ਵਿੱਚੋਂ ਨਿਕਲਦੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਦੂਜੇ ਪਾਸੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਗਹਿਲੀ ਅਤੇ ਸਿਆਸੀ ਲੜਾਈ ਵਿੱਚ ਫਸੀ ਜਨਤਾ ਹੁਣ ਆਪਣੇ ਤੌਰ ’ਤੇ ਹੱਲ ਕੱਢਣ ਲਈ ਮਜਬੂਰ ਹੋ ਗਈ ਹੈ। ਕੂੜੇ ਦੀ ਸਮੱਸਿਆ ਤੋਂ ਤੰਗ ਆ ਕੇ ਕੁਝ ਇਲਾਕਿਆਂ ਦੇ ਲੋਕਾਂ ਨੇ ਕੂੜੇ ਦੇ ਢੇਰਾਂ ਨੂੰ ਖੁਦ ਹੀ ਅੱਗ ਲਗਾ ਦਿੱਤੀ ਹੈ, ਤਾਂ ਜੋ ਉਨ੍ਹਾਂ ਨੂੰ ਬਦਬੂ ਅਤੇ ਮੱਛਰਾਂ ਤੋਂ ਨਿਜਾਤ ਮਿਲ ਸਕੇ। ਹਾਲਾਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ।
ਜ਼ਿਲ੍ਹਾ ਸਿਹਤ ਵਿਭਾਗ ਤੋਂ ਜ਼ਿਲ੍ਹਾ ਐਪੀਡਿਮੋਲੋਜਿਟ ਡਾ ਗੁਰਪ੍ਰੀਤ ਨੇ ਦੱਸਿਆ ਕਿ ਡੇਂਗੂ ਦੇ ਚਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਸ ਵਿੱਚ ਮੁਹੱਲਾ ਨੰਗਲ ਕੋਟਲੀ ਤੋਂ ਦੋ, ਬੀਐਸਐਫ ਕੈਂਟ ਵਿੱਚੋਂ ਇੱਕ ਅਤੇ ਬਲਾਕ ਕਾਹਨੂੰਵਾਨ ਤੋਂ ਇੱਕ ਮਰੀਜ਼ ਪਾਇਆ ਗਿਆ ਹੈ, ਜਿਸ ਕਾਰਨ ਜਿਲ੍ਹੇ ਅੰਦਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਵੱਧ ਰਹੇ ਕੇਸਾਂ ਦਾ ਮੁੱਖ ਕਾਰਨ ਗੰਦਗੀ ਅਤੇ ਕੂੜਾ ਹੈ, ਜੋ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਮਾਹੌਲ ਪੈਦਾ ਕਰ ਰਹੇ ਹਨ।
ਦੂਜੇ ਪਾਸੇ ਗੁਰਦਾਸਪੁਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕੂੜੇ ਦੀ ਸਮੱਸਿਆ ਬਾਰੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪਿਛਲੇ ਕੁਝ ਦਿਨ੍ਹਾਂ ਤੋਂ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਰਮਿਆਨ ਜਨਤਾ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਬਦਬੂ ਅਤੇ ਗੰਦਗੀ ਤੋਂ ਤੰਗ ਆ ਕੇ ਕੁਝ ਸਥਾਨਕ ਨਿਵਾਸੀਆਂ ਨੇ ਖੁਦ ਹੀ ਕੂੜਾ ਸਾੜਨ ਦਾ ਫੈਸਲਾ ਕੀਤਾ। ਹਾਲਾਂਕਿ, ਇਸ ਵਿਧੀ ਨੂੰ ਸਹੀ ਨਹੀਂ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪ੍ਰਦੂਸ਼ਣ ਅਤੇ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਹੋਰ ਵਧਾ ਸਕਦਾ ਹੈ।
ਸਿਹਤ ਵਿਭਾਗ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੂੜਾ ਸਾੜਨਾ ਸਮੱਸਿਆ ਦਾ ਹੱਲ ਨਹੀਂ ਹੈ, ਸਗੋਂ ਇਹ ਸਿਹਤ ਲਈ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਅੱਗ ਤੋਂ ਨਿਕਲਣ ਵਾਲਾ ਧੂੰਆਂ ਅਤੇ ਪ੍ਰਦੂਸ਼ਣ ਦਮੇ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਇਸ ਤੋਂ ਇਲਾਵਾ, ਇਹ ਤਰੀਕਾ ਡੇਂਗੂ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ, ਕਿਉਂਕਿ ਸਾਫ਼ ਪਾਣੀ ਦਾ ਖੜੋਤ ਵੀ ਮੱਛਰ ਪੈਦਾ ਕਰਨ ਦਾ ਇੱਕ ਵੱਡਾ ਕਾਰਨ ਹੈ।
ਗੌਰਤਲਬ ਹੈ ਕਿ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ, ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਵਿਚਕਾਰ ਆਪਸੀ ਸਿਆਸਤ ਅਤੇ ਦੋਸ਼ਾਂ ਦੀ ਖੇਡ ਨੇ ਪ੍ਰਸ਼ਾਸਨ ਦੀ ਕੁਸ਼ਲਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੌਰਾਨ ਸ਼ਹਿਰ ਦੇ ਲੋਕ ਇਸ ਸੰਕਟ ਦਾ ਖਮਿਆਜ਼ਾ ਭੁਗਤ ਰਹੇ ਹਨ। ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਕੂੜੇ ਅਤੇ ਗੰਦਗੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਕੋਈ ਸਥਾਈ ਹੱਲ ਕੱਢਣ ਦੀ ਅਪੀਲ ਕੀਤੀ ਹੈ। ਕੂੜੇ ਦੀ ਨਿਯਮਤ ਸਫ਼ਾਈ, ਮੱਛਰ ਮਾਰ ਰੋਕੂ ਛਿੜਕਾਅ ਅਤੇ ਸਿਹਤ ਸੇਵਾਵਾਂ ਦੀ ਬਿਹਤਰ ਉਪਲਬਧਤਾ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਡੇਂਗੂ ਦੇ ਕੇਸਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਸਬੰਧੀ ਜਦੋਂ ਗੁਰਦਾਸਪੁਰ ਦੇ ਏਡੀਸੀ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਸਥਾਨ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਸਥਾਨ ਦੀ ਚੋਣ ਲੋਕਲ ਬਾਡੀ ਨੇ ਕਰਨੀ ਹੁੰਦੀ ਹੈ ਕਿਉਕਿ ਉਹ ਇੱਕ ਸਵਤੰਤਰ ਬਾਡੀ ਹੈ। ਜਿਸ ਵਿੱਚ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।