ਗੁਰਦਾਸਪੁਰ

ਪਿੰਡ ਭੱਟੀਆਂ ‘ਚ ਸ਼ੇਰ ਦਾ ਰੌਲਾ: ਡੀਐਫਓ ਦਾ ਕਹਿਣਾ ਸ਼ੇਰ ਦਾ ਕੋਈ ਠੋਸ ਨਿਸ਼ਾਨ ਨਹੀਂ, ਸਾਵਧਾਨੀ ਵਜੋਂ ਟੀਮ ਤਾਇਨਾਤ

ਪਿੰਡ ਭੱਟੀਆਂ ‘ਚ ਸ਼ੇਰ ਦਾ ਰੌਲਾ: ਡੀਐਫਓ ਦਾ ਕਹਿਣਾ ਸ਼ੇਰ ਦਾ ਕੋਈ ਠੋਸ ਨਿਸ਼ਾਨ ਨਹੀਂ, ਸਾਵਧਾਨੀ ਵਜੋਂ ਟੀਮ ਤਾਇਨਾਤ
  • PublishedSeptember 13, 2024

ਗੁਰਦਾਸਪੁਰ, 13 ਸਤੰਬਰ 2024 (ਦੀ ਪੰਜਾਬ ਵਾਇਰ)। ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਵਿੱਚ ਵੀਰਵਾਰ ਦੁਪਹਿਰ ਇੱਕ ਕਿਸਾਨ ਵੱਲੋਂ ਸ਼ੇਰ ਨੂੰ ਦੇਖਣ ਦੀ ਗੱਲ ਕਹੀ ਗਈ ਜਿਸ ਨਾਲ ਲੋਕਾਂ ਅੰਦਰ ਸਹਿਮ ਵੇਖਿਆ ਗਿਆ। ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸ਼ੇਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਕੁਝ ਨਹੀਂ ਮਿਲਿਆ। ਇਸ ਸਬੰਧੀ ਡੀਐਸਓ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਸ਼ੇਰ ਦੇ ਨਜ਼ਰ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਹਾਲੇ ਤੱਕ ਸ਼ੇਰ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸਾਵਧਾਨੀ ਵਜੋਂ ਉੱਥੇ ਇੱਕ ਟੀਮ ਭੇਜੀ ਗਈ ਹੈ ਅਤੇ ਨੰਬਰ ਦਿੱਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਦੁਪਹਿਰ 3 ਵਜੇ ਦੇ ਕਰੀਬ ਪਿੰਡ ਦਾ ਕਿਸਾਨ ਮਨਜੀਤ ਸਿੰਘ ਆਪਣੇ ਖੇਤ ਵਿੱਚ ਗਿਆ ਹੋਇਆ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਾਣੀ ਵਾਲੇ ਖੇਤ ਵਿੱਚ ਇੱਕ ਪਸ਼ੂ ਬੈਠਾ ਸੀ। ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨੇ ਪਹਿਲਾਂ ਤਾਂ ਸੋਚਿਆ ਕਿ ਖੇਤ ਵਿੱਚ ਕੋਈ ਆਵਾਰਾ ਕੁੱਤਾ ਬੈਠਾ ਹੈ। ਉਸ ਨੇ ਕੁੱਤੇ ਨੂੰ ਭਜਾਉਣ ਲਈ ਤਾੜੀ ਮਾਰੀ। ਇਸ ਦੌਰਾਨ ਜਦੋਂ ਜਾਨਵਰ ਨੇ ਉਸ ਵੱਲ ਵੇਖਿਆ ਤਾਂ ਉਹ ਦੰਗ ਰਹਿ ਗਿਆ। ਕਿਸਾਨ ਅਨੁਸਾਰ ਇਹ ਜਾਨਵਰ ਹੋਰ ਕੋਈ ਨਹੀਂ ਸਗੋਂ ਖਤਰਨਾਕ ਸ਼ੇਰ ਸੀ।

ਮਨਜੀਤ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਪਿੰਡ ਪਰਤਿਆ ਅਤੇ ਪੰਚਾਇਤ ਨੂੰ ਸੂਚਨਾ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡ ਵਿੱਚ ਸਪੀਕਰ ਰਾਹੀਂ ਸਾਰਿਆਂ ਨੂੰ ਸ਼ੇਰ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਹਰ ਕੋਈ ਆਪਣਾ ਅਤੇ ਬੱਚਿਆਂ ਦਾ ਧਿਆਨ ਰੱਖੇ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੇਰ ਦੇ ਆਉਣ ਦੀ ਸੂਚਨਾ ਦਿੱਤੀ ਗਈ। ਕੁਝ ਦੇਰ ਬਾਅਦ ਜੰਗਲਾਤ ਵਿਭਾਗ ਦੀ ਟੀਮ ਅਤੇ ਕੁਝ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਜਦੋਂ ਜੰਗਲਾਤ ਵਿਭਾਗ ਦੇ ਮਾਹਿਰਾਂ ਨੇ ਖੋਜ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਖੇਤਾਂ ਵਿੱਚ ਕਈ ਥਾਵਾਂ ’ਤੇ ਇੱਕ ਜਾਨਵਰ ਦੇ ਨਿਸ਼ਾਨ ਮਿਲੇ ਪਰ ਉਹ ਸ਼ੇਰ ਦੇ ਨਹੀਂ ਸਨ। ਪਰ ਦੇਰ ਰਾਤ ਤੱਕ ਵੀ ਜੰਗਲਾਤ ਵਿਭਾਗ ਦੀ ਟੀਮ ਜਾਨਵਰ ਦੀ ਭਾਲ ਵਿੱਚ ਲੱਗੀ ਰਹੀ।

ਉਧਰ ਇਸ ਸੰਬੰਧੀ ਡੀਐਫਓ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨ੍ਹਾਂ ਤੋਂ ਆਲੇ ਦੁਆਲੇ ਦੇ ਪਿੰਡਾ ਚ ਸ਼ੇਰ ਦੇਖਣ ਦੀ ਗੱਲ ਕਹੀ ਜਾਂਦੀ ਹੈ। ਪਰ ਅਸਲ ਵਿੱਚ ਇਹਨ੍ਹਾਂ ਇਲਾਕਿਆ ਅੰਦਰ ਸ਼ੇਰ ਹੈ ਹੀ ਨਹੀਂ। ਹੋ ਸਕਦਾ ਹੈ ਕਿ ਕੋਈ ਜੰਗਲੀ ਬਿੱਲਾ ਯਾਂ ਬਿੱਲੀ ਹੋਵੇ ਯਾਂ ਪਹਾੜੀ ਇਲਾਕਿਆਂ ਤੋਂ ਕੋਈ ਤੇਂਦੂਆ ਹੋਵੇ। ਪਰ ਤੇਂਦੂਏ ਦੀ ਵੀ ਕੋਈ ਮਿਲਾਨ ਨਿਸ਼ਾਨਾਂ ਨਾਲ ਨਹੀਂ ਮਿਲਦੇ। ਵੱਡੇ ਜਾਨਵਰ ਨੂੰ ਖਾਣ ਲਈ ਕਿਸੇ ਜਾਨਵਰ ਦਾ ਸ਼ਿਕਾਰ ਕਰਨਾ ਲਾਜਮੀ ਹੈ ਪਰ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਪਰ ਵਿਭਾਗ ਵੱਲੋਂ ਉੱਥੇ ਬਕਾਇਦਾ ਟੀਮ ਭੇਜ ਕੇ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਨੰਬਰ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਸੰਪਰਕ ਕਰ ਸਕਣ।

Written By
The Punjab Wire