ਗੁਰਦਾਸਪੁਰ ‘ਚ ਕੂੜਾ ਪ੍ਰਬੰਧਨ ਵਾਲੀ ਨਵੀਂ ਥਾਂ ‘ਤੇ ਵਿਵਾਦ: ਕਾਂਗਰਸ ਅਤੇ ਆਪ ਹੋਈ ਆਹਮੋ ਸਾਹਮਣੇ; ਪ੍ਰਸ਼ਾਸਨ ਨੇ ਰੁਕਵਾਇਆ ਕੰਮ
ਗੁਰਦਾਸਪੁਰ, 9 ਸਤੰਬਰ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਵਿੱਚ ਕੂੜਾ ਪ੍ਰਬੰਧਨ ਵਾਲੀ ਨਵੀਂ ਥਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਭੱਖ ਗਿਆ ਹੈ, ਜਿੱਥੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਈਆਂ ਹਨ। ਇਹ ਵਿਵਾਦ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਕਾਂਗਰਸ ਸ਼ਾਸਤ ਨਗਰ ਕੌਂਸਿਲ ਨੇ ਸ਼ਹਿਰ ਦੇ ਬਾਹਰਵਾਰ ਨਵੀਂ ਜਗ੍ਹਾ ਨੂੰ ਕੂੜਾ ਪ੍ਰਬੰਧਨ ਸਾਈਟ ਬਣਾਉਣ ਦਾ ਫੈਸਲਾ ਕੀਤਾ। ਪਰ ਇਸ ਫੈਸਲੇ ‘ਤੇ ਸਿਆਸੀ ਹਲਕਿਆਂ ‘ਚ ਅਸਹਿਮਤੀ ਅਤੇ ਵਿਰੋਧ ਸ਼ੂਰੂ ਹੋ ਗਿਆ।
ਇੱਕ ਪਾਸੇ ਜਿੱਥੇ ਕਾਂਗਰਸੀਆ ਵੱਲੋਂ ਅਤੇ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਵਿੱਚ ਕੰਮ ਠੱਪ ਕਰਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਵੱਲੋਂ ਸ਼ਮਹੂਲਿਅਤ ਕੀਤੀ ਗਈ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਵਿੱਚ ਵਰਕਰਾਂ ਨੇ ਏਡੀਸੀ ਗੁਰਦਾਸਪੁਰ ਦਫ਼ਤਰ ਦਾ ਰੁੱਖ ਕੀਤਾ ਅਤੇ ਕੌਂਸਲ ਦੇ ਫੈਸਲੇ ਤੇ ਸ਼ੰਕੇ ਜਾਹਿਰ ਕਰਦੇ ਹੋਏ ਨਾਅਰੇਬਾਜੀ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਬੀਤੀ ਰਾਤ ਥਾਣਾ ਸਦਰ ਵਿੱਚ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ ਸੀ। ਜਿਲ੍ਹਾ ਪ੍ਰਸ਼ਾਸਨ ਵੱਲੋਂ ਹਾਲ ਦੀ ਘੜੀ ਨਵੀਂ ਸਾਇਟ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਨਗਰ ਨਿਗਮ ਨੂੰ ਕੂੜੇ ਦੇ ਢੁਕਵੇਂ ਨਿਪਟਾਰੇ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ। ਜਿਸ ਕਾਰਨ ਹੁਣ ਸ਼ਹਿਰ ਕੂੜਾ ਪ੍ਰਬੰਧਨ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਿਲ ਨੂੰ ਕੋਈ ਵੀ ਕੂੜਾ ਪ੍ਰਬੰਧਨ ਅਤੇ ਡਪਿੰਗ ਜੋਨ ਦੀ ਸਾਇਟ ਸੋਚ ਸਮਝ ਕੇ ਚੁਨਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸੀ ਆਗੂਆ ਤੇ ਲੈਂਡ ਮਾਫਿਆ ਸਬੰਧੀ ਕਈ ਤਰ੍ਹਾਂ ਦੇ ਦੋਸ਼ ਲਗਾਏ।
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਨਗਰ ਕੌਂਸਿਲ ਪ੍ਰਧਾਨ ਵੱਲੋਂ ਦੋਸ਼ ਹੈ ਕਿ ‘ਆਪ’ ਸਰਕਾਰ ਦੇ ਨੁਮਾਇੰਦੇ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਨਗਰ ਕੌਂਸਲ ਦੇ ਮੁਲਾਜ਼ਮ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ ਪਰ ਸੱਤਾਧਾਰੀ ਧਿਰ ਦੇ ਲੋਕ ਇਸ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਕਾਰਨ ਹੀ ਪਹਿਲ੍ਹੀ ਜਗ੍ਹਾਂ ਤੇ ਵਿਰੋਧ ਕਰਵਾ ਕੇ ਡੰਪਿੰਗ ਬੰਦ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਗਰ ਕੌਂਸਲ ਤੋਂ ਕਰੀਬ ਦੋ ਏਕੜ ਜ਼ਮੀਨ ਲੈ ਕੇ ਪਿੰਡ ਬੱਬਰੀ ਦੇ ਖੇਤਰ ਵਿੱਚ ਪ੍ਰੋਸੈਸਿੰਗ ਪਲਾਂਟ ਲਗਾਉਣ ਲਈ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਇਸ ਵਿੱਚ ਰੁਕਾਵਟ ਪਾਉਣ ਲਈ ਵਾਰ-ਵਾਰ ਯਤਨ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਸ ਵਿਵਾਦ ਦਰਮਿਆਨ ਸਥਾਨਕ ਲੋਕ ਰਾਏ ਵੀ ਵੰਡੀ ਹੋਈ ਨਜ਼ਰ ਆਈ ਹੈ। ਕੁਝ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਸ਼ਹਿਰ ਦੇ ਕੂੜਾ ਪ੍ਰਬੰਧਨ ਲਈ ਨਵੀਂ ਜਗ੍ਹਾ ਜ਼ਰੂਰੀ ਹੈ, ਪਰ ਉਹ ਸ਼ਹਿਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ‘ਤੇ ਇਸ ਦਾ ਬਦਲ ਲੱਭਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਿਨ ਪ੍ਰਤਿ ਦਿਨ ਬਾਹਰ ਵੱਲ ਨੂੰ ਵੱਧ ਰਿਹਾ ਹੈ ਅਤੇ ਸ਼ਹਿਰ ਦੇ ਆਲੇ ਦੁਆਲੇ ਕੂੜਾ ਪ੍ਰੰਬਧਨ ਦਾ ਕੰਮ ਠੀਕ ਨਹੀਂ। ਇਸ ਦੇ ਨਾਲ ਹੀ ਕੁਝ ਲੋਕ ਇਸ ਮੁੱਦੇ ‘ਤੇ ਸਿਆਸਤ ਕਰਨ ਦੀ ਬਜਾਏ ਜਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਪੱਧਰ ਤੇ ਇਸ ਮਸਲੇ ਦਾ ਹੱਲ ਕੱਢਣ ਦੀ ਹਾਮੀ ਭਰ ਰਹੇ ਹਨ।