ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਰਾਹੁਲ ਸ਼ਰਮਾ ਨੇ ਮਾਸਕੋ ਵਿਖੇ ਹੋਈ ਓਪਨ ਵੇਟ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ 3 ਗੋਲਡ ਮੈਡਲ ਜਿੱਤੇ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਰਮਨ ਬਹਿਲ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਚੈਂਪੀਅਨ ਰਾਹੁਲ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ
ਰਾਹੁਲ ਸ਼ਰਮਾ ਜ਼ਿਲ੍ਹਾ ਗੁਰਦਾਸਪੁਰ ਤੇ ਸੂਬਾ ਪੰਜਾਬ ਦਾ ਮਾਣ – ਕਟਾਰੂਚੱਕ
ਗੁਰਦਾਸਪੁਰ, 1 ਸਤੰਬਰ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਨੌਜਵਾਨ ਰਾਹੁਲ ਸ਼ਰਮਾ ਨੇ ਮਾਸਕੋ ਵਿਖੇ ਹੋਈ ਓਪਨ ਵੇਟ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ 3 ਗੋਲਡ ਮੈਡਲ ਜਿੱਤ ਕੇ ਆਪਣੇ ਦੇਸ ਭਾਰਤ, ਸੂਬਾ ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਮਹੀਨੇ ਰੂਸ ਦੀ ਰਾਜਧਾਨੀ ਮਾਸਕੋ ਵਿਖੇ ਇੰਟਰਨੈਸ਼ਨਲ ਪਾਵਰ ਲਿਫ਼ਟਿੰਗ ਕਮੇਟੀ ਵੱਲੋਂ ਓਪਨ ਵੇਟ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਕਰਵਾਈ ਗਈ ਸੀ ਜਿਸ ਵਿੱਚ ਭਾਰਤ ਸਮੇਤ 63 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਬਾਬੋਵਾਲ ਦੇ ਰਾਹੁਲ ਸ਼ਰਮਾ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ 120 ਕਿਲੋਗਰਾਮ ਕੈਟਾਗਰੀ ਵਿੱਚ ਓਪਨ ਵੇਟ ਪਾਵਰ ਲਿਫਟਿੰਗ ਦੇ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਤਿੰਨੇ ਹੀ ਮੁਕਾਬਲੇ ਜਿੱਤ ਕੇ ਗੋਲਡ ਮੈਡਲ ਹਾਸਲ ਕੀਤੇ।
ਜਿੱਤ ਉਪਰੰਤ ਰਾਹੁਲ ਸ਼ਰਮਾ ਦਾ ਗੁਰਦਾਸਪੁਰ ਵਿਖੇ ਪਹੁੰਚਣ ਤੇ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਵੱਲੋਂ ਵਿਸ਼ੇਸ਼ ਤੌਰਤੇ ਸਨਮਾਨ ਕੀਤਾ ਗਿਆ।
ਰਾਹੁਲ ਸ਼ਰਮਾ ਦਾ ਸਨਮਾਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਹੁਲ ਸ਼ਰਮਾ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਦਾ ਮਾਣ ਹੈ, ਜਿਸਨੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਆਪਣੀ ਪ੍ਰਤੀਭਾ ਦਾ ਲੋਹਾ ਪੂਰੀ ਦੁਨੀਆਂ ਵਿੱਚ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਸ਼ਰਮਾਤੇ ਸਾਨੂੰ ਮਾਣ ਹੈ ਅਤੇ ਇਸਦੀ ਜਿੱਤ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ।
ਇਸ ਮੌਕੇ ਖਿਡਾਰੀ ਰਾਹੁਲ ਸ਼ਰਮਾ ਨੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।