ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਖੁਰਦ ਦੇ ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਕਲਾਨੌਰ (ਗੁਰਦਾਸਪੁਰ), 29 ਅਗਸਤ 2024 ( ਰਾਜਨ ਸ਼ਰਮਾ)। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਖੁਰਦ ਦੇ ਬੀਐਸਐਫ ਦੇ ਜਵਾਨ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਬੀਤੇ ਦਿਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ।ਉਸ ਦੀ ਮ੍ਰਿਤਕ ਦੇਹ ਅੱਜ ਜਦੋਂ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚੀ ਤਾਂ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਉੱਥੇ ਹੀ ਅੱਜ ਪਿੰਡ ਉਦੋਵਾਲੀ ਖੁਰਦ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਲਜਿੰਦਰ ਸਿੰਘ ਉਮਰ ਕਰੀਬ (47) ਸਾਲ ਪੁੱਤਰ ਸਵਰਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਬੀਐਸਐਫ ਦੀ 27 ਬਟਾਲੀਅਨ ਸ਼ਿਕਾਰ ਮਾਛੀਆਂ ਦੇ ਕਮਾਂਡਟ ਮਾਨ ਸਿੰਘ,ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਵਰਨ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ, ਅਤੇ ਹੋਰ ਫੌਜ ਦੇ ਅਧਿਕਾਰੀਆਂ ਵੱਲੋਂ ਰੀਤ ਮਲਾਵਾਂ ਭੇਟ ਕੀਤੀਆਂ ਗਈਆਂ। ਫੌਜ ਦੇ ਅਧਿਕਾਰੀਆਂ ਵੱਲੋਂ ਸ਼ਹੀਦ ਫੌਜੀ ਜਵਾਨ ਦੇ ਪੁੱਤਰ ਨੂੰ ਤਰੰਗਾ ਭੇਟ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਸ਼ਹੀਦ ਬਲਜਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀ ਉਹਨਾਂ ਦੇ ਵਿਦੇਸ਼ ਕਨੇਡਾ ਤੋਂ ਆਏ ਛੋਟੇ ਪੁੱਤਰ ਯੁਵਰਾਜ ਸਿੰਘ ਵੱਲੋ ਦੇਣ ਉਪਰੰਤ ਬੀਐਸ ਦੇ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਹੈਡ ਕਾਂਸਟੇਬਲ ਬਲਜਿੰਦਰ ਸਿੰਘ ਤੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵੈਸਟ ਬੰਗਾਲ ਦੇ ਰਾਏਗੰਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਜਿੱਥੇ ਬੀਤੇ ਦੋ ਦਿਨ ਪਹਿਲਾਂ ਉਸ ਦੀ ਅਚਾਨਕ ਤਬੀਅਤ ਵਿਗੜੀ ਤਾਂ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਵੱਲੋਂ ਕਾਫੀ ਜਦੋ ਜਹਿਦ ਕਰਨ ਤੋਂ ਬਾਅਦ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।ਸ਼ਹੀਦ ਫੌਜੀ ਬਲਜਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।ਇਸ ਮੌਕੇ ਹਲਕਾ ਆਗੂ ਗੁਰਦੀਪ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਕ ਸਬੰਧੀਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।