ਗੁਰਦਾਸਪੁਰ

ਵਿਰਾਸਤੀ ਮੰਚ ਬਟਾਲਾ ਨੇ ਪਿੰਡ ਚੱਕ ਅਰਾਈਆਂ ਵਿਖੇ ਉਸਾਰੀ ਅਧੀਨ 66 ਕੇ.ਵੀ. ਸਬ-ਸਟੇਸ਼ਨ ਵਿੱਚ ਪੌਦੇ ਲਗਾਏ

ਵਿਰਾਸਤੀ ਮੰਚ ਬਟਾਲਾ ਨੇ ਪਿੰਡ ਚੱਕ ਅਰਾਈਆਂ ਵਿਖੇ ਉਸਾਰੀ ਅਧੀਨ 66 ਕੇ.ਵੀ. ਸਬ-ਸਟੇਸ਼ਨ ਵਿੱਚ ਪੌਦੇ ਲਗਾਏ
  • PublishedAugust 29, 2024

ਗੁਰਦਾਸਪੁਰ, 29 ਅਗਸਤ 2024 (ਦੀ ਪੰਜਾਬ ਵਾਇਰ )। ਵਿਰਾਸਤੀ ਮੰਚ ਬਟਾਲਾ ਵੱਲੋਂ ਪਿੰਡ ਚੱਕ ਅਰਾਈਆਂ ਵਿਖੇ ਉਸਾਰੀ ਅਧੀਨ 66 ਕੇ.ਵੀ. ਸਬ-ਸਟੇਸ਼ਨ ਵਿੱਚ ਪੌਦੇ ਲਗਾ ਕੇ ਵਣ-ਮਹਾਂਉਤਸਵ ਮਨਾਇਆ ਗਿਆ। ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ,ਕੁਲਵਿੰਦਰ ਸਿੰਘ ਲਾਡੀ ਜੱਸਲ, ਵੈਬੀਜੋਤ ਸਿੰਘ ਕਾਹਲੋਂ ਅਤੇ ਸਰਪੰਚ ਹਰਪ੍ਰੀਤ ਸਿੰਘ ਚੱਕ ਅਰਾਈਆਂ ਨੇ ਸਬ-ਸਟੇਸ਼ਨ ਵਿੱਚ 50 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ।

ਇਸ ਮੌਕੇ ਵਿਰਾਸਤੀ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਰੁੱਖ ਧਰਤੀ ਉੱਪਰ ਜੀਵਨ ਦਾ ਅਧਾਰ ਹਨ ਅਤੇ ਧਰਤੀ ਉੱਪਰ ਜੀਵਨ ਬਣਿਆ ਰਹੇ ਇਸ ਲਈ ਰੁੱਖਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਜਿਸ ਤਰਾਂ ਨਾਲ ਬੇਤਹਾਸ਼ਾ ਰੁੱਖਾਂ ਦੀ ਕਟਾਈ ਹੋਈ ਹੈ ਉਸ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋਇਆ ਹੈ ਅਤੇ ਕਈ ਤਰਾਂ ਦੇ ਮੌਸਮੀ ਵਿਗਾੜ ਆਏ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਤਵਾਜ਼ਨ ਨੂੰ ਕਾਇਮ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਧਰਤੀ ਜੀਵਨਦਾਇਕ ਬਣੀ ਰਹੇ।

ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਵਿਰਾਸਤੀ ਮੰਚ ਵੱਲੋਂ ਜਿੱਥੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਲਈ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਓਥੇ ਨਾਲ ਹੀ ਵਾਤਾਵਰਨ ਦੀ ਸੰਭਾਲ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਚੱਕ ਅਰਾਈਆਂ ਦੇ ਉਸਾਰੀ ਅਧੀਨ 66 ਕੇ.ਵੀ. ਸਬ-ਸਟੇਸ਼ਨ ਵਿੱਚ ਲਗਾਏ ਗਏ ਪੌਦੇ ਜਿੱਥੇ ਸਬ-ਸਟੇਸ਼ਨ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਨਗੇ ਓਥੇ ਇਹ ਸਾਡੇ ਚੌਗਿਰਦੇ ਨੂੰ ਵੀ ਹਰਾ-ਭਰਾ ਬਣਾਉਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਹੜੇ ਵਿਅਕਤੀ ਜਾਂ ਸੰਸਥਾਵਾਂ ਪੌਦੇ ਲਗਾਉਣੀਆਂ ਚਾਹੁੰਦੀਆਂ ਹਨ ਉਹ ਸਰਕਾਰੀ ਨਰਸਰੀਆਂ ਤੋਂ ਪੌਦੇ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ।

Written By
The Punjab Wire