ਫਿਸ਼ ਪਾਰਕ ਦੀ ਸਾਂਭ ਸੰਭਾਲ ਸਬੰਧੀ ਕੌਂਸਲ ਪ੍ਰਧਾਨ ਦਾ ਕਹਿਣਾ ਕੌਂਸਲ ਖੁਦ ਕਰੇਗੀ ਫਿਸ਼ ਪਾਰਕ ਦੀ ਦੇਖਭਾਲ, ਈਓ ਕੋਲ ਨਹੀਂ ਹੈ ਕੁਝ ਸਪੁਰਦ ਕਰਨ ਦੇ ਅਧਿਕਾਰ
ਈਓ ਨੇ ਸਿਰਫ਼ ਵਿਧੀ ਅਪਣਾਉਣ ਲਈ ਪੱਤਰ ਜਾਰੀ ਕੀਤਾ ਹੈ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ
ਗੁਰਦਾਸਪੁਰ, 28 ਅਗਸਤ 2024 (ਦੀ ਪੰਜਾਬ ਵਾਇਰ)। ਸ਼ਹਿਰ ਦੇ ਪਾਸ਼ ਏਰਿਆ ਅੰਦਰ ਸਥਿਤ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ (ਫਿਸ ਪਾਰਕ) ਅੰਦਰ ਸਫ਼ਾਈ ਅਤੇ ਦੇਖਰੇਖ ਦੇ ਚਾਰਜ ਸਬੰਧੀ ਨਗਰ ਕੌਸਲ ਦੇ ਈਓ ਦੀ ਚਿੱਠੀ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਬਿਆਨ ਸਾਹਮਣੇ ਆਇਆ ਹੈ। ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੱਲੋ ਸਾਫ ਕੀਤਾ ਗਿਆ ਹੈ ਕਿ ਫਿਸ਼ ਪਾਰਕ ਦੀ ਸਾਂਭ-ਸੰਭਾਲ ਦਾ ਕੰਮ ਕੌਂਸਲ ਵੱਲੋਂ ਸਿਟੀ ਇੰਪਰੂਵਮੈਂਟ ਟਰੱਸਟ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਕਿਸੇ ਵੀ ਜਾਇਦਾਦ ਦੀ ਸਾਂਭ-ਸੰਭਾਲ ਸਬੰਧੀ ਅਧਿਕਾਰ ਦੇਣਾ ਸਿਰਫ਼ ਸਦਨ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਸਦਨ ਵੱਲੋਂ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ। ਨਗਰ ਕੌਂਸਲ ਦੇ ਈਓ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਫਿਸ਼ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਬੁੱਧਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਈਓ ਵੱਲੋਂ ਬੀਤੇ ਦਿੰਨੀ ਨਗਰ ਸੁਧਾਰ ਟਰੱਸਟ ਨੂੰ ਬਕਾਇਦਾ ਲਿਖਿਤ ਪੱਤਰ ਜਾਰੀ ਕਰ ਵਰਕਲੋਡ ਹੋਣ ਦਾ ਹਵਾਲਾ ਦਿੰਦੇ ਹੋਏ ਮੈਨਟੀਨੈਂਸ ਅਤੇ ਸਾਂਭ ਸੰਭਾਲ ਦੀ ਗੱਲ ਲਿਖੀ ਗਈ ਹੈ ਅਤੇ ਟੇਕਉਵਰ ਦੇ ਪ੍ਰੋਸੀਜਰ ਨੂੰ ਅਪਣਾਉਣ ਲਈ ਕਿਹਾ ਗਿਆ ਸੀ।
ਉਧਰ ਇਸ ਸਬੰਧੀ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੀ ਕਿਸੇ ਵੀ ਜਾਇਦਾਦ ਦੀ ਸਾਂਭ-ਸੰਭਾਲ ਸਬੰਧੀ ਅਧਿਕਾਰ ਦੇਣਾ ਸਿਰਫ਼ ਸਦਨ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਸਦਨ ਵੱਲੋਂ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ। ਨਗਰ ਕੌਂਸਲ ਦੇ ਈਓ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਫਿਸ਼ ਪਾਰਕ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਬੁੱਧਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਧਾਨ ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਵੱਲੋਂ ਦਿੱਤੇ ਲਿਖਤੀ ਪੱਤਰ ਵਿੱਚ ਸਿਰਫ਼ ਇੰਨਾ ਹੀ ਕਿਹਾ ਗਿਆ ਹੈ ਕਿ ਫਿਸ਼ ਪਾਰਕ ਨੂੰ ਅਡਾਪਟ ਕਰਨ ਲਈ ਕੌਂਸਲ ਨਾਲ ਮਿਲ ਕੇ ਹੈਂਡਓਵਰ ਅਤੇ ਟੇਕਓਵਰ ਦੀ ਵਿਧੀ ਅਪਣਾਈ ਜਾਵੇ। ਜਦੋਂ ਕਿ ਹੈਂਡਓਵਰ ਅਤੇ ਟੇਕਓਵਰ ਦਾ ਅਧਿਕਾਰ ਸਿਰਫ ਸਦਨ ਨੂੰ ਹੈ। ਪ੍ਰਧਾਨ ਪਾਹੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਸਿਰਫ਼ ਝੂਠੀ ਸ਼ੋਹਰਤ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂਕਿ ਕੌਂਸਲ ਵੱਲੋਂ ਸ਼ਹਿਰ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਵਿਕਾਸ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਕਰੀਬ 50 ਲੱਖ ਰੁਪਏ ਖਰਚ ਕੇ ਫਿਸ਼ ਪਾਰਕ ਦਾ ਸੁੰਦਰੀਕਰਨ ਕੀਤਾ ਜਾ ਚੁੱਕਾ ਹੈ। ਹੁਣ ਵੀ ਵਿਧਾਇਕ ਪਾਹੜਾ ਦੇ ਯਤਨਾਂ ਤਹਿਤ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਹੈ ਕਿ ਫਿਸ਼ ਪਾਰਕ ਲਈ ਜੋ ਵੀ ਫੰਡ ਚਾਹੀਦਾ ਹੈ, ਉਹ ਆਪਣੇ ਨਿੱਜੀ ਫੰਡਾਂ ਵਿੱਚੋਂ ਮੁਹੱਈਆ ਕਰਵਾਉਣਗੇ।