Close

Recent Posts

ਗੁਰਦਾਸਪੁਰ ਪੰਜਾਬ

ਫਿਸ਼ ਪਾਰਕ ਦੀ ਸਫ਼ਾਈ ਨੂੰ ਲੈ ਕੇ ਨਗਰ ਕੌਂਸਲ ਗੁਰਦਾਸਪੁਰ ਨੇ ਕੀਤੇ ਹੱਥ ਖੜ੍ਹੇ, ਰੱਖ ਰਖਾਵ ਅਤੇ ਦੇਖਭਾਲ ਦਾ ਜਿੰਮਾ ਨਗਰ ਸੁਧਾਰ ਟਰਸਟ ਨੂੰ ਸੌਪਿਆ

ਫਿਸ਼ ਪਾਰਕ ਦੀ ਸਫ਼ਾਈ ਨੂੰ ਲੈ ਕੇ ਨਗਰ ਕੌਂਸਲ ਗੁਰਦਾਸਪੁਰ ਨੇ ਕੀਤੇ ਹੱਥ ਖੜ੍ਹੇ, ਰੱਖ ਰਖਾਵ ਅਤੇ ਦੇਖਭਾਲ ਦਾ ਜਿੰਮਾ ਨਗਰ ਸੁਧਾਰ ਟਰਸਟ ਨੂੰ ਸੌਪਿਆ
  • PublishedAugust 28, 2024

ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਨੂੰ ਨਵੀਂ ਤੇ ਖ਼ੂਬਸੂਰਤ ਦਿੱਖ ਦਿੱਤੀ ਜਾਵੇਗੀ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 28 ਅਗਸਤ 2024 (ਦੀ ਪੰਜਾਬ ਵਾਇਰ)। ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦੇ ਪਾਸ਼ ਏਰਿਆ ਅੰਦਰ ਸਥਿਤ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਜੋਕਿ ਫਿਸ਼ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਰੱਖ ਰਖਾਵ ਅਤੇ ਦੇਖਭਾਲ ਨੂੰ ਲੈ ਕੇ ਹੱਥ ਖੜ੍ਹੇ ਕਰ ਦਿੱਤੇ ਗਏ ਹਨ। ਨਗਰ ਕੌਂਸਲ ਗੁਰਦਾਸਪੁਰ ਵੱਲੋਂ ਇਸ ਬਾਬਤ ਬਹੁਤ ਜਿਆਦਾ ਵਰਕਲੋਡ ਹੋਣ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਸ ਪਾਰਕ ਦੀ ਸਫਾਈ, ਮੈਨਟੀਨੈਂਸ ਅਤੇ ਸਾਭ ਸੰਭਾਲ ਦੇ ਲਈ ਨਗਰ ਸੁਧਾਰ ਟਰੱਸਟ ਨੂੰ ਪੱਤਰ ਲਿਖਿਆ ਗਿਆ। ਜਿਸਨੂੰ ਨਗਰ ਸੁਧਾਰ ਟਰੱਸਟ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਹੁਣ ਇਸ ਪਾਰਕ ਦੀ ਮੈਨਟੀਨੈਂਸ ਦੀ ਜਿੰਮੇਦਾਰੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਕੋਲ ਹੋਵੇਗੀ।

ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਪਾਸ਼ ਏਰਿਆ ਅੰਦਰ ਸਥਿਤ ਇਸ ਪਾਰਕ ਵਿੱਚ ਸਾਫ਼ ਸਫਾਈ ਨੂੰ ਲੈ ਕੇ ਬੁਰੀ ਹਾਲਤ ਸੀ। ਸ਼ਹਿਰ ਦੇ ਪਤਵੰਤੇ ਲੋਕ ਅਤੇ ਨਾਗਰਿਕ ਹਰ ਰੋਜ ਸਵੇਰੇ ਅਤੇ ਸ਼ਾਮ ਇਸ ਪਾਰਕ ਅੰਦਰ ਸੈਰ ਆਦਿ ਕਰਨ ਲਈ ਆਂਦੇ ਹਨ। ਬੱਚੇ ਵੀ ਆ ਕੇ ਇਸ ਪਾਰਕ ਅੰਦਰ ਖੇਡ ਕੇ ਆਨੰਦ ਮਾਨਦੇ ਸਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੀ ਇਸ ਪਾਰਕ ਦੇ ਬਿਲਕੁਲ ਨਾਲ ਸਥਿਤ ਹੈ। ਪਰ ਇਸ ਦੇ ਬਾਵਜੂਦ ਇਸ ਪਾਰਕ ਦੀ ਹਾਲਤ ਬਦ ਤੋਂ ਬਦਤੱਰ ਹੁੰਦੀ ਜਾ ਰਹੀ ਸੀ। ਨਗਰ ਕੌਂਸਲ ਗੁਰਦਾਸਪੁਰ ਕੌਲ ਇਸ ਦੀ ਰੱਖ ਰਖਾਵ ਦੀ ਜਿੰਮੇਦਾਰੀ ਸੀ ਪਰ ਉਨ੍ਹਾਂ ਵੱਲੋਂ ਇਸ ਸਬੰਧੀ ਹੱਥ ਖੜੇ ਕਰ ਲਏ ਗਏ ਹਨ। ਅੱਜ ਬਕਾਇਦਾ ਨਗਰ ਸੁਧਾਰ ਟਰੱਸਟ ਵੱਲੋਂ ਇਸ ਦਾ ਚਾਰਜ ਲੈ ਲਿਆ ਗਿਆ ਹੈ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ,ਈਓ ਨਗਰ ਕੌਸਿਲ ਮਨੋਜ ਕੁਮਾਰ ਵੱਲੋਂ ਬਕਾਇਦਾ ਇਸ ਪਾਰਕ ਦਾ ਦੌਰਾ ਕੀਤਾ ਗਿਆ ।

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ ਦਾ ਦੌਰਾ ਕਰਨ ਤੋਂ ਬਾਅਦ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪਾਰਕ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਇਸਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਵਿਕਾਸ ਦੇ ਕੰਮ ਹੋਣ ਵਾਲੇ ਸਨ ਅਤੇ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਇਸ ਪਾਰਕ ਦੀ ਹਾਲਤ ਸੁਧਾਰੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਪਾਰਕ ਦੇ ਸਰਬਪੱਖੀ ਵਿਕਾਸ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਈ.ਓ. ਨੇ ਲਿਖਤੀ ਤੌਰ `ਤੇ ਇਹ ਸਹਿਮਤੀ ਦੇ ਦਿੱਤੀ ਹੈ ਕਿ ਹੁਣ ਇਸ ਪਾਰਕ ਦੀ ਦੇਖ-ਰੇਖ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਕੀਤੀ ਜਾਵੇਗੀ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਪਾਰਕ ਵਿੱਚ ਸਿਵਲ ਵਰਕ ਕਰਨ ਦੇ ਨਾਲ ਓਥੇ ਵੱਖ-ਵੱਖ ਕਿਸਮਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ ਤਾਂ ਜੋ ਇਸਨੂੰ ਇੱਕ ਖੂਬਸੂਰਤ ਸੈਰਗਾਹ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਆਪਣੇ ਫੰਡਾਂ ਨਾਲ ਹੁਣ ਇਸ ਪਾਰਕ ਦੀ ਦੇਖ-ਰੇਖ ਕੀਤੀ ਜਾਵੇਗੀ।

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਸ਼ਹੀਦ ਮੇਜਰ ਬਲਵਿੰਦਰ ਸਿੰਘ ਦੇ ਨਾਮ `ਤੇ ਬਣੀ ਇਸ ਪਾਰਕ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਇਹ ਪਾਰਕ ਹੁਣ ਗੁਰਦਾਸਪੁਰ ਸ਼ਹਿਰ ਦੀ ਪਛਾਣ ਬਣੇਗੀ। ਉਨ੍ਹਾਂ ਕਿਹਾ ਕਿ ਪਾਰਕ ਦੀ ਦੇਖ-ਰੇਖ ਵਿੱਚ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।

Written By
The Punjab Wire