ਗੁਰਦਾਸਪੁਰ ਪੰਜਾਬ

ਪਿੰਡ ਵਰਸੋਲਾ ਵਿਖੇ ਕਰਵਾਇਆ ਗਿਆ 61ਵਾਂ ਸਲਾਨਾ ਛਿੰਝ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ

ਪਿੰਡ ਵਰਸੋਲਾ ਵਿਖੇ ਕਰਵਾਇਆ ਗਿਆ 61ਵਾਂ ਸਲਾਨਾ ਛਿੰਝ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ
  • PublishedAugust 24, 2024

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਰਮਨ ਬਹਿਲ ਤੇ ਵਿਧਾਇਕ ਸ਼ੈਰੀ ਕਲਸੀ ਨੇ ਛਿੰਝ ਮੇਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ

ਛਿੰਝਾਂ, ਤੀਆਂ ਅਤੇ ਸਭਿਆਚਾਰਕ ਮੇਲੇ ਰੰਗਲੇ ਪੰਜਾਬ ਦੇ ਖ਼ੂਬਸੂਰਤ ਰੰਗ – ਕੁਲਦੀਪ ਸਿੰਘ ਧਾਲੀਵਾਲ

ਗੁਰਦਾਸਪੁਰ, 24 ਅਗਸਤ 2024 (ਦੀ ਪੰਜਾਬ ਵਾਇਰ ) – ਬਾਬਾ ਗੁੱਜਾਪੀਰ ਮੇਲਾ ਕਮੇਟੀ ਅਤੇ ਪਿੰਡ ਵਰਸੋਲਾ ਦੇ ਸਮੂਹ ਵਸਨੀਕਾਂ ਵੱਲੋਂ ਅੱਜ ਆਪਣੇ ਪਿੰਡ ਵਿੱਚ 61ਵਾਂ ਸਲਾਨਾ ਛਿੰਝ ਮੇਲਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਸੂਬੇ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਛਿੰਝ ਮੇਲੇ ਦੌਰਾਨ ਜਿੱਥੇ ਨਾਮੀ ਪਹਿਲਵਾਨਾਂ ਨੇ ਘੋਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਓਥੇ ਅੱਜ ਹੋਏ ਸਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਰੰਗ ਬੰਨ੍ਹਿਆ। ਇਸ ਛਿੰਝ ਮੇਲੇ ਦੌਰਾਨ ਵਾਲੀਬਾਲ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਗਏ।

ਪਿੰਡ ਵਰਸੋਲਾ ਦੇ ਛਿੰਝ ਮੇਲੇ ਅਤੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਘੋਲ-ਕੁਸ਼ਤੀਆਂ ਵਿੱਚ ਹਿੱਸਾ ਲੈਣਾ ਅਤੇ ਖ਼ੁਸ਼ੀ ਵਿੱਚ ਭੰਗੜੇ ਪਾਉਣੇ ਸਾਡੇ ਰੰਗਲੇ ਪੰਜਾਬ ਦੇ ਉਹ ਰੰਗ ਹਨ ਜਿਨ੍ਹਾਂ ਉੱਪਰ ਹਰ ਪੰਜਾਬੀ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਰਸੋਲਾ ਦੇ ਵਸਨੀਕ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਾਸਤ ਨੂੰ ਬਚਾ ਕੇ ਰੱਖਿਆ ਹੋਇਆ ਹੈ ਅਤੇ ਅੱਜ 61ਵਾਂ ਸਲਾਨਾ ਛਿੰਝ ਮੇਲਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸਤੰਬਰ ਮਹੀਨੇ ਤੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਕੇ ਨਿਰੋਗ ਤੇ ਤੰਦਰੁਸਤ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕੇ। ਇਸ ਮੌਕੇ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਪਿੰਡ ਦੇ ਵਿਕਾਸ ਅਤੇ ਖੇਡ ਮੈਦਾਨ ਲਈ 6 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਛਿੰਝਾਂ ਤੇ ਸਭਿਆਚਾਰਕ ਮੇਲੇ ਰੰਗਲੇ ਪੰਜਾਬ ਦੇ ਉਹ ਖ਼ੂਬਸੂਰਤ ਰੰਗ ਹਨ ਜਿਨ੍ਹਾਂ ਉੱਪਰ ਹਰ ਪੰਜਾਬੀ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਅਜਿਹੇ ਖੇਡ ਤੇ ਸਭਿਆਚਾਰਕ ਮੇਲਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਜਿੱਥੇ ਛਿੰਝਾਂ, ਤੀਆਂ ਤੇ ਸਭਿਆਚਾਰਕ ਮੇਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਓਥੇ ਨਾਲ ਹੀ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਅਤੇ ਸੂਬਾ ਵਾਸੀਆਂ ਦੇ ਅਜਿਹੇ ਯਤਨਾਂ ਸਦਕਾ ਸਾਡਾ ਪੰਜਾਬ ਮੁੜ ‘ਰੰਗਲਾ ਪੰਜਾਬ’ ਬਣ ਕੇ ਉੱਭਰੇਗਾ।

ਇਸ ਮੌਕੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਸ੍ਰੀ ਰਮਨ ਬਹਿਲ, ਵਿਧਾਇਕ ਸ੍ਰੀ ਸ਼ੈਰੀ ਕਲਸੀ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਛਿੰਝ ਮੇਲੇ ਦੇ ਜੇਤੂ ਭਲਵਾਨਾਂ, ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਕਮੇਟੀ ਮੈਂਬਰਾਂ ਦਾ ਵੀ ਸਨਮਾਨ ਕੀਤਾ।

ਇਸ ਮੌਕੇ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ, ਅਜੇਪਾਲ ਸਿੰਘ, ਧਰਮਿੰਦਰ ਸਿੰਘ, ਸੁਪਿੰਦਰ ਸਿੰਘ, ਹਰਜਿੰਦਰ ਸਿੰਘ, ਸੰਨੀ, ਮਨਜੀਤ ਸਿੰਘ, ਸੁੱਚਾ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਸਾਬਕਾ ਚੇਅਰਮੈਨ ਸ੍ਰੀ ਕੇਸ਼ਵ ਬਹਿਲ, ਬਲਾਕ ਪ੍ਰਧਾਨ ਹਿੱਤਪਾਲ ਵੀ ਮੌਜੂਦ ਸਨ।

Written By
The Punjab Wire