ਗੁਰਦਾਸਪੁਰ, 22 ਅਗਸਤ 2024 (ਦੀ ਪੰਜਾਬ ਵਾਇਰ)। ਥਾਣਾ ਸਿਟੀ ਪੁਲਿਸ ਵੱਲੋਂ ਸਰਕਾਰੀ ਸਿਕਉਰਿਟੀ ਜਮ੍ਹਾਂ ਕਰਵਾਉਣ ਦੇ ਬਦਲੇ 10 ਲੱਖ ਰੁਪਏ ਦੀ ਠੱਗੀ ਦੇ ਦੋਸ਼ਾਂ ਤਹਿਤ ਤਿੰਨ ਖਿਲਾਫ਼ ਧੋਖਾਧੜੀ ਅਤੇ ਵਿਸ਼ਵਾਸਘਾਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਕੁਲਜਿੰਦਰ ਸਿੰਘ ਵਾਸੀ ਨਾਨਕ ਸਹਾਏ ਕਲੋਨੀ, ਡੇਰਾ ਬਾਬਾ ਨਾਨਕ ਰੋਡ, ਗੁਰਦਾਸਪੁਰ ਦੀ ਸ਼ਿਕਾਇਤ ਪਰ ਜਾਂਚ ਉਪਰੰਤ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ‘ਚ ਦੋਸ਼ੀਆਂ ‘ਤੇ 10 ਲੱਖ 10 ਹਜ਼ਾਰ ਰੁਪਏ ਦੀ ਗਬਨ ਕਰਨ ਦਾ ਦੋਸ਼ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਜਿੰਦਰ ਸਿੰਘ ਅਨੁਸਾਰ ਉਸ ਨੇ 12 ਸਤੰਬਰ 2022 ਨੂੰ ਨਗਰ ਨਿਗਮ ਗੁਰਦਾਸਪੁਰ ਦੀ ਹੱਦ ਅੰਦਰ ਇਲੈਕਟ੍ਰਾਨਿਕ ਮੀਟਰਾਂ (ਚਿਪ ਵਾਲੇ) ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਨਵੀਆਂ ਲਾਈਟਾਂ ਲਗਾਉਣ ਲਈ ਟੈਂਡਰ ਲੈਣ ਲਈ ਅਰਜ਼ੀ ਦਿੱਤੀ ਸੀ। ਮੁਲਜ਼ਮ ਸ਼ਾਮ ਲਾਲ ਅਤੇ ਉਸ ਦੇ ਪੁੱਤਰਾਂ ਪੰਕਜ ਕੁਮਾਰ ਅਤੇ ਦੀਪਕ ਕੁਮਾਰ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਸਰਕਾਰੀ ਖਾਤੇ ਵਿੱਚ ਸਕਿਉਰਿਟੀ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਕੁਲਜਿੰਦਰ ਸਿੰਘ ਤੋਂ 10 ਲੱਖ 10 ਹਜ਼ਾਰ ਰੁਪਏ ਦੀ ਨਕਦੀ ਲੈ ਲਈ ਸੀ।
ਹਾਲਾਂਕਿ ਦੋਸ਼ੀਆਂ ਨੇ ਨਾ ਤਾਂ ਕੋਈ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਅਤੇ ਨਾ ਹੀ ਕੁਲਜਿੰਦਰ ਸਿੰਘ ਨੂੰ ਪੈਸੇ ਵਾਪਸ ਕੀਤੇ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਜਾਂਚ ਤੋਂ ਬਾਅਦ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੀ ਟੀਮ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 406 ਅਤੇ 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਜਿੰਦਰ ਸਿੰਘ ਉਮਰ 58 ਸਾਲ ਹੈ ਅਤੇ ਨਾਨਕ ਸਹਾਏ ਕਲੋਨੀ, ਡੇਰਾ ਬਾਬਾ ਨਾਨਕ ਰੋਡ, ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ ਹੈ।