ਵਿਧਾਇਕ ਸ਼ੈਰੀ ਕਲਸੀ ਨੇ ਨਗਰ ਨਿਗਮ ਬਟਾਲਾ ਦੇ ਦਫਤਰ ਵਿਖੇ ਕੀਤੀ ਲੋਕ ਮਿਲਣੀ
ਕੱਲ 7 ਅਗਸਤ ਨੂੰ ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਪਹੁੰਚੇਗੀ ਦਫਤਰ ਨਗਰ ਨਿਗਮ ਬਟਾਲਾ
ਬਟਾਲਾ, 6 ਅਗਸਤ 2024 (ਦੀ ਪੰਜਾਬ ਵਾਇਰ )।ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦੇ ਮੰਤਵ ਨਾਲ ਉਨ੍ਹਾਂ ਵਲੋਂ ਲਗਾਤਾਰ ਨਗਰ ਨਿਗਮ ਬਟਾਲਾ ਦਫਤਰ ਵਿਖੇ ਜਾ ਕੇ ਮੀਟਿੰਗ ਕੀਤੀ ਜਾ ਰਹੀ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਡਾ ਸ਼ਾਇਰੀ ਭੰਡਾਰੀ ਐਸਡੀਐਮ-ਕਮ-ਕਮਿਸ਼ਨਰ ਬਟਾਲਾ, ਕੰਵਰਜੀਤ ਰੱਤੜਾ ਐਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਨਗਰ ਨਿਗਮ ਤੋਂ ਰੋਹਿਤ ਉੱਪਲ, ਡੀ.ਐਸ.ਪੀ ਆਜ਼ਾਦ ਦਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ। ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਲੋਕਾਂ ਵਲੋਂ ਸੀਵਰੇਜ਼ ਨਾਲ ਸਬੰਧਤ, ਸਟਰੀਟ ਲਾਈਟਸ ਲਗਾਉਣ ਸਬੰਧੀ, ਕੱਚੇ ਮਕਾਨਾਂ ਨਾਲ ਸਬੰਧਤ ਮੁਸ਼ਕਿਲਾਂ ਅਤੇ ਮਾਲ ਵਿਭਾਗ ਨਾਲ ਸਬੰਧਤ ਵੱਖ ਵੱਖ ਮੁਸ਼ਕਿਲਾਂ ਦੱਸੀਆਂ ਗਈਆਂ, ਜਿਨ੍ਹਾਂ ਨੂੰ ਹੱਲ ਕਰਨ ਲਈ ਵਿਧਾਇਕ ਸ਼ੈਰੀ ਕਲਸੀ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੀਆਂ ਬਣੀਆਂ ਸਰਕਾਰਾਂ ਵਲੋਂ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮੁਸ਼ਕਿਲਾਂ ਨੂੰ ਅਣਗੋਲਿਆ ਕੀਤਾ ਗਿਆ, ਜਿਸ ਨਾਲ ਲੋਕ ਤੰਗ ਸਨ। ਉਨਾਂ ਦੱਸਿਆ ਕਿ ਪਰ ਉਹ ਹੁਣ ਲਗਾਤਾਰ ਲੋਕਾਂ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਸਬੰਧਤ ਵਿਭਾਗਾਂ ਰਾਹੀਂ ਹੱਲ ਕਰਵਾ ਰਹੇ ਹਨ, ਜਿਸ ਨੂੰ ਕਾਫ਼ੀ ਹੱਦ ਤੱਕ ਸਫਲਤਾ ਵੀ ਮਿਲੀ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਮਿਲਣ ਦਾ ਮੁੱਖ ਉਦੇਸ਼ ਇਹੀ ਹੈ ਕਿ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਵਾਰ-ਵਾਰ ਦਫਤਰ ਦੇ ਚੱਕਰ ਨਾ ਮਾਰਨੇ ਪੈਣ।
ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਕਮੇਟੀ ਘਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਕੱਲ 7 ਅਗਸਤ ਨੂੰ ਬਟਾਲਾ ਦਾ ਦੌਰਾ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਵਲੋਂ ਨਗਰ ਨਿਗਮ ਨਾਲ ਸਬੰਧਤ ਵੱਖ ਵੱਖ ਮੁੱਦਿਆਂ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਵਿਅਕਤੀ ਉਨਾਂ ਕੋਲ ਕੋਈ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਉਸ ਦੀ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ, ਲੋਕਾਂ ਦੀ ਖੱਜਲ ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਨਾਂ ਦੀ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਉਹ ਦੁਬਾਰਾ ਉਨਾਂ ਦੇ ਧਿਆਨ ਵਿੱਚ ਜਰੂਰ ਵਿੱਚ ਲਿਆਉਣ ਤਾਂ ਜੋ ਸਬੰਧਤ ਵਿਭਾਗ ਦੀ ਜਵਾਬਦੇਹੀ ਕੀਤੀ ਜਾ ਸਕੇ।