ਨਗਰ ਨਿਗਮ ਦਫਤਰ ਬਟਾਲਾ ਵਿਖੇ ਵੱਖ-ਵੱਖ ਮੁੱਦਿਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਜਾਵੇਗੀ ਮੀਟਿੰਗ
ਬਟਾਲਾ, 5 ਅਗਸਤ 2024 ( ਦੀ ਪੰਜਾਬ ਵਾਇਰ )। ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਦੀ ਮੀਟਿੰਗ ਨਗਰ ਨਿਗਮ ਦਫਤਰ ਬਟਾਲਾ ਦੇ ਦਫਤਰ ਵਿਖੇ 7 ਅਗਸਤ ਨੂੰ ਸਵੇਰੇ 11 ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਦੇ ਮੈਂਬਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਦੇ ਸਭਾਪਤੀ ਗੁਰਪ੍ਰੀਤ ਬੱਸੀ ਗੋਗੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਵੇਗੀ, ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਬਟਾਲਾ ਵਿਖੇ ਪਹਿਲੀ ਵਾਰ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਪਹੁੰਚ ਰਹੀ ਹੈ, ਜੋ ਅਧਿਕਾਰੀਆਂ ਨਾਲ ਮੀਟਿੰਗ ਕਰੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਵਲੋਂ ਨਗਰ ਨਿਗਮ ਬਟਾਲਾ ਅਤੇ ਇੰਪਰੂਵਮੈਂਟ ਟਰੱਸਟ ਬਟਾਲਾ ਵਲੋਂ ਸ਼ਹਿਰ ਅੰਦਰ ਕੀਤੇ ਗਏ ਅਤੇ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਨਿਰੀਖਣ ਵੀ ਕੀਤਾ ਜਾਵੇਗਾ। ਬਟਾਲਾ ਸ਼ਹਿਰ ਅੰਦਰ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆ, ਬਟਾਲਾ ਸ਼ਹਿਰ ਅੰਦਰ ਜਲ-ਸਪਲਾਈ ਅਤੇ ਸੀਵਰੇਜ ਬੋਰਡ ਦੀਆਂ ਸਮੱਸਿਆਵਾਂ, ਬਟਾਲਾ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ, ਬਟਾਲਾ ਸ਼ਹਿਰ ਅੰਦਰ ਬਿਜਲੀ ਵਿਭਾਗ ਨਾਲ ਸਬੰਧਿਤ ਸਮੱਸਿਆ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਸੜਕਾਂ ਦੇ ਆਲੇ-ਦੁਆਲੇ ਦਰੱਖਤ ਲਗਾਉਣ ਆਦਿ ਬਾਰੇ ਮੀਟਿੰਗ ਕੀਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਬਟਾਲਾ ਵਿਖੇ ਪਹੁੰਚ ਰਹੀ ਹੈ। ਜਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਦੀ ਕਮੇਟੀ ਦੇ ਸਭਾਪਤੀ ਗੁਰਪ੍ਰੀਤ ਬੱਸੀ ਗੋਗੀ ਅਤੇ ਮੈਂਬਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਅਜੀਤਪਾਲ ਸਿੰਘ ਕੋਹਲੀ, ਡਾ. ਅਮਨਦੀਪ ਕੋਰ ਅਰੋੜਾ, ਅਸ਼ੋਕ ਪਰਾਸ਼ਰ, ਅਵਤਾਰ ਸਿੰਘ ਜੂਨੀਅਰ, ਬਲਵਿੰਦਰ ਸਿੰਘ ਧਾਲੀਵਾਲ, ਡਾ. ਜੀਵਨਜੋਤ ਕੋਰ, ਡਾ. ਕਸ਼ਮੀਰ ਸਿੰਘ ਸੋਹਲ, ਕੁਲਜੀਤ ਸਿੰਘ ਰੰਧਾਵਾ, ਮਦਨ ਲਾਲ ਬੱਗਾ, ਸ੍ਰੀਮਤੀ ਨੀਨਾ ਮਿੱਤਲ ਅਤੇ ਤਰਨਪ੍ਰੀਤ ਸਿੰਘ ਸੰਧੂ ਹਨ।