ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਪੰਜਾਬ ਸਰਕਾਰ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਪੂਰੀ ਤਰ੍ਹਾਂ ਵਚਨਬੱਧ – ਕਟਾਰੂਚੱਕ
ਗੁਰਦਾਸਪੁਰ, 26 ਜੁਲਾਈ 2024 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਗੁਰਦਾਸਪੁਰ ਵਿਖੇ ਓਪਰੇਸ਼ਨ ਵਿਜੈ (ਕਾਰਗਿਲ ਯੁੱਧ) ਦੀ 25 ਵੀਂ ਵਰ੍ਹੇਗੰਢ ਪੂਰੀ ਸ਼ਰਧਾ-ਭਾਵਨਾ ਨਾਲ ਮਨਾਈ ਗਈ। ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਗੁਰਦਾਸਪੁਰ ਵਿਖੇ ਜ਼ੋਨਲ ਪੱਧਰ ‘ਤੇ ਮਨਾਏ ਗਏ ਕਾਰਗਿਲ ਵਿਜੈ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕਾਰਗਿਲ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮਾਗਮ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਦੇ ਕਾਰਗਿਲ ਯੋਧਿਆਂ ਦੀਆਂ ਵੀਰ ਨਾਰੀਆਂ, ਕਾਰਗਿਲ ਓਪਰੇਸ਼ਨ ਦੇ ਨਕਾਰਾ ਸੈਨਿਕਾਂ ਅਤੇ ਬਹਾਦਰੀ ਐਵਾਰਡ ਵਿਜੇਤਾਵਾਂ ਅਤੇ ਹੋਰ ਸਾਬਕਾ ਸੈਨਿਕਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਕਾਰਗਿਲ ਯੁੱਧ (ਓਪਰੇਸ਼ਨ ਵਿਜੇ) 03 ਮਈ ਤੋਂ 26 ਜੁਲਾਈ 1999 ਤੱਕ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਲੜਿਆ ਗਿਆ ਸੀ ਅਤੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਸੈਨਿਕਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਆਪਣਾ ਸਰਵਉੱਚ ਬਲੀਦਾਨ ਦੇ ਕੇ ਦੇਸ਼ ਦੀਆਂ ਸਰਹੱਦਾਂ ਦੇ ਅੰਦਰੋਂ ਦੁਸ਼ਮਣ ਦੇ ਸੈਨਿਕਾਂ ਨੂੰ ਬਾਹਰ ਕੱਢ ਕੇ ਇਹ ਜੰਗ ਜਿੱਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਯੁੱਧ ਨੂੰ ਹੋਏ 25 ਸਾਲ ਬੀਤ ਚੁੱਕੇ ਹਨ ਪਰ ਇਸ ਯੁੱਧ ਦੇ ਸ਼ਹੀਦਾਂ ਦੀ ਯਾਦ ਅੱਜ ਵੀ ਸਾਡੇ ਦਿਲਾਂ ਵਿੱਚ ਤਾਜ਼ਾ ਹੈ।
ਉਨ੍ਹਾਂ ਦੱਸਿਆ ਕਿ ਕਾਰਗਿਲ ਯੁੱਧ 18 ਹਜ਼ਾਰ ਫੁੱਟ ਦੀ ਉਚਾਈ ਤੇ ਲਗਭਗ 2 ਮਹੀਨੇ ਤੱਕ ਚੱਲਿਆ ਸੀ। ਇਸ ਯੁੱਧ ਵਿੱਚ 527 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਜਿਨ੍ਹਾਂ ਵਿਚੋਂ 65 ਜਵਾਨ ਇਕੱਲੇ ਪੰਜਾਬ ਦੇ ਸਨ। ਉਨ੍ਹਾਂ ਕਿਹਾ ਕਿ 1300 ਤੋਂ ਵੱਧ ਫ਼ੌਜੀ ਜਵਾਨ ਓਪਰੇਸ਼ਨ ਵਿਜੈ ਦੌਰਾਨ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕਾਰਗਿਲ ਯੁੱਧ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ ਉਸ ਸਮੇਂ ਨੌਜਵਾਨ ਸਭਾ ਦੇ ਰਾਹੀਂ ਪਿੰਡ ਝਾਖੋਲਾੜੀ ਵਿਖੇ ਇੱਕ ਖ਼ੂਨਦਾਨ ਕੈਂਪ ਲਗਾਇਆ ਸੀ ਤਾਂ ਜੋ ਯੁੱਧ ਦੇ ਜ਼ਖ਼ਮੀਆਂ ਦੇ ਇਲਾਜ ਵਿੱਚ ਸਹਾਇਤਾ ਕੀਤੀ ਜਾ ਸਕੇ।
ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ਼ਹੀਦ ਦੇਸ਼-ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੰਜਾਬ ਸਰਕਾਰ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਸਾਰੇ ਪ੍ਰਸਤਾਵਾਂ ਨੂੰ ਪਹਿਲ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਰਾਜ ਸਰਕਾਰ ਉਨ੍ਹਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵੀ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਫ਼ਤਰਾਂ ਵਿੱਚ ਵਿਸ਼ੇਸ਼ ਸਤਿਕਾਰ ਅਤੇ ਪਹਿਲ ਦੇਣ।
ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀ ਲਾਲ ਚੰਦ ਕਟਾਰੂਚੱਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਕਾਰਗਿਲ ਯੋਧਿਆਂ ਦੀਆਂ ਵੀਰ ਨਾਰੀਆਂ, ਕਾਰਗਿਲ ਓਪਰੇਸ਼ਨ ਦੇ ਨਕਾਰਾ ਸੈਨਿਕਾਂ ਅਤੇ ਗੈਲੰਟਰੀ ਐਵਾਰਡ ਵਿਜੇਤਾਵਾਂ ਨੂੰ ਕੇਸ ਅਵਾਰਡ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਸਮਾਰੋਹ ਵਿੱਚ ਆਏ ਹੋਏ ਮੁੱਖ ਮਹਿਮਾਨ, ਮਹਿਮਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਸਾਬਕਾ ਸੈਨਿਕ ਅਧਿਕਾਰੀਆਂ, ਕਾਰਗਿਲ ਦੇ ਸ਼ਹੀਦ ਯੋਧਿਆਂ ਦੀਆਂ ਵੀਰ ਨਾਰੀਆਂ, ਲੜਾਈ ਦੌਰਾਨ ਸ਼ਹੀਦ ਸੈਨਿਕਾਂ, ਗੈਲੰਟਰੀ ਐਵਾਰਡੀ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਲੈਫ. ਜਨਰਲ ਕੇ.ਜੇ ਸਿੰਘ ਭਾਗੋਵਾਲ (ਰਿਟਾ), ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਕਰਨਲ ਰਮਨ ਕੁਮਾਰ (ਰਿਟਾ), ਵਾਈਸ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਗੁਰਦਾਸਪੁਰ, ਕਰਨਲ ਅਮਰਜੀਤ ਸਿੰਘ ਭੁੱਲਰ (ਰਿਟਾ) ਸਾਬਕਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਵੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।