ਗੁਰਦਾਸਪੁਰ ਪੰਜਾਬ

ਜੰਗਲਾਤ ਮਹਿਕਮੇ ਨੇ ਸੂਬੇ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ 3 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ – ਕਟਾਰੂਚੱਕ

ਜੰਗਲਾਤ ਮਹਿਕਮੇ ਨੇ ਸੂਬੇ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ 3 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ – ਕਟਾਰੂਚੱਕ
  • PublishedJuly 26, 2024

ਕੈਬਨਿਟ ਮੰਤਰੀ ਕਟਾਰੂਚੱਕ ਨੇ ਪਿੰਡ ਮਗਰ ਮੂੰਦੀਆਂ ਦੇ ਸਰਕਾਰੀ ਸਕੂਲ ਵਿੱਚ ਪੌਦੇ ਲਗਾ ਕੇ ਵਣ-ਮਹਾਂ ਉਤਸਵ ਮਨਾਇਆ

ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਮੁਫ਼ਤ ਪੌਦਿਆਂ ਦੀ ਵੰਡ ਕੀਤੀ ਗਈ

ਗੁਰਦਾਸਪੁਰ, 26 ਜੁਲਾਈ 2024 (ਦੀ ਪੰਜਾਬ ਵਾਇਰ ) – ਸੂਬੇ ਦੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ 3 ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ ਅਤੇ ਜੰਗਲਾਤ ਵਿਭਾਗ ਵੱਲੋਂ ਹੁਣ ਤੱਕ 60 ਫ਼ੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸੀਜ਼ਨ ਦੌਰਾਨ 18 ਲੱਖ ਨਵੇਂ ਪੌਦੇ ਲਗਾਉਣ ਦਾ ਟੀਚਾ ਹੈ ਜਿਸ ਵਿਚੋਂ 10 ਲੱਖ ਪੌਦੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ।

ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਅੱਜ ਪਿੰਡ ਮਗਰ ਮੂੰਦੀਆਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਵਣ ਮਹਾਂ ਉਤਸਵ ਮਨਾ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਅਤੇ ਜ਼ਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਅਤੁਲ ਕੁਮਾਰ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਸਕੂਲ ਵਿੱਚ ਪੌਦਾ ਲਗਾਉਣ ਉਪਰੰਤ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਨਾਲ ਬੇਤਹਾਸ਼ਾ ਰੁੱਖ ਕੱਟਣ ਨਾਲ ਅਤੇ ਪ੍ਰਦੂਸ਼ਣ ਵਧਣ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋਇਆ ਹੈ ਇਹ ਧਰਤੀ ਉੱਪਰ ਜੀਵਨ ਲਈ ਬਹੁਤ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਤਵਾਜ਼ਨ ਨੂੰ ਕਾਇਮ ਰੱਖਣ ਵਿੱਚ ਰੁੱਖਾਂ ਦਾ ਸਭ ਤੋਂ ਵੱਧ ਯੋਗਦਾਨ ਹੈ, ਇਸ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਵਿਚੋਂ ਆਮ ਲੋਕਾਂ ਨੂੰ ਆਪਣੇ ਘਰਾਂ ਅਤੇ ਜਨਤਕ ਥਾਵਾਂ ਉੱਪਰ ਪੌਦੇ ਲਗਾਉਣ ਲਈ ਮੁਫ਼ਤ ਪੌਦੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੌਦੇ ਪ੍ਰਾਪਤ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾ ਕੇ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਕਾਮਯਾਬ ਕਰਨ।

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਗਰ ਮੂੰਦੀਆਂ ਦੇ ਪ੍ਰਿੰਸੀਪਲ ਸ੍ਰੀ ਸ਼ਮੀ ਕੁਮਾਰ ਅਤੇ ਅਧਿਆਪਕਾਂ ਵੱਲੋਂ ਵਣ-ਮਹਾਂ ਉਤਸਵ ਮਨਾਏ ਜਾਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਤਨ ਸਾਡੇ ਸੂਬੇ ਨੂੰ ਹਰਾ-ਭਰਾ ਬਣਾਉਣ ਵਿੱਚ ਜ਼ਰੂਰ ਸਹਾਈ ਹੋਣਗੇ। ਇਸ ਮੌਕੇ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਸਕੂਲ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਨੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਪੌਦੇ ਵੀ ਵੰਡੇ ਗਏ।

Written By
The Punjab Wire