ਗੁਰਦਾਸਪੁਰ ਪੰਜਾਬ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ ਕਰਕੇ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਨੁਕਸਾਨੇ ਪੁਲ ਦੀ ਉਸਾਰੀ ਜਲਦ ਕਰਨ ਦੀ ਸਿਫ਼ਾਰਸ਼ ਕੀਤੀ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ ਕਰਕੇ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਨੁਕਸਾਨੇ ਪੁਲ ਦੀ ਉਸਾਰੀ ਜਲਦ ਕਰਨ ਦੀ ਸਿਫ਼ਾਰਸ਼ ਕੀਤੀ
  • PublishedJuly 19, 2024

ਤੁਗਲਵਾਲ-ਚੱਕ ਸ਼ਰੀਫ਼ ਰੋਡ ਦੀ ਮੁਰੰਮਤ ਕਰਨ ਦੀ ਵੀ ਕੀਤੀ ਮੰਗ

ਲੋਕ ਨਿਰਮਾਣ ਮੰਤਰੀ ਨੇ ਪੁਲ ਦੀ ਉਸਾਰੀ ਤੇ ਸੜਕ ਦੀ ਮੁਰੰਮਤ ਜਲਦ ਕਰਨ ਦਾ ਦਿੱਤਾ ਭਰੋਸਾ

ਗੁਰਦਾਸਪੁਰ, 19 ਜੁਲਾਈ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕਰਕੇ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨੇ ਗਏ ਪੁਲ ਦੀ ਜਲਦ ਉਸਾਰੀ ਦੀ ਮੰਗ ਕੀਤੀ ਹੈ।

ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁਲਾਕਾਤ ਦੌਰਾਨ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਨੂੰ ਦੱਸਿਆ ਕਿ ਪਿਛਲੇ ਸਾਲ 15 ਅਗਸਤ ਨੂੰ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਣ ਨਾਲ ਤੁਗਲਵਾਲਾ-ਚੱਕ ਸ਼ਰੀਫ਼ ਰੋਡ ਉੱਪਰ ਬਣਿਆ ਪੁਲ, ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਮੀਨ ਦੇ ਹੇਠਾਂ ਵੱਲ ਧਸ ਗਿਆ ਸੀ ਅਤੇ ਇਸ ਪੁਲ ਤੋਂ ਉਸ ਦਿਨ ਤੋਂ ਆਵਾਜਾਈ ਬੰਦ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਕਾਹਨੂੰਵਾਨ ਦੇ ਬੇਟ ਇਲਾਕੇ ਦੇ 40 ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਪੁਲ ਦੇ ਬੰਦ ਹੋਣ ਨਾਲ ਆਵਾਜਾਈ ਬਿਲਕੁਲ ਬੰਦ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਬਣਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਲੋਕ ਨਿਰਮਾਣ ਮੰਤਰੀ ਨੂੰ ਪੁਰਜ਼ੋਰ ਸਿਫ਼ਾਰਿਸ਼ ਕੀਤੀ ਹੈ ਕਿ ਤੁਗਲਵਾਲਾ-ਚੱਕ ਸ਼ਰੀਫ਼਼ ਰੋਡ ਉੱਪਰ 2 ਸਪੈਨ 8 ਮੀਟਰ ਈਚ ਕਰਾਸਿੰਗ ਦੇ ਹਾਈ ਲੈਵਲ ਬਰਿੱਜ, ਜਿਸ ਨੂੰ ਤਿਆਰ ਕਰਨ ਲਈ ਕਰੀਬ 220.00 ਲੱਖ ਰੁਪਏ ਦਾ ਖਰਚਾ ਆਉਣਾ ਦਾ ਅਨੁਮਾਨ ਹੈ ਲਈ ਗਰਾਂਟ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਮੁਸ਼ਕਲ ਤੋਂ ਨਿਜਾਤ ਮਿਲ ਸਕੇ। ਇਸਦੇ ਨਾਲ ਹੀ ਸ. ਸੇਖਵਾਂ ਨੇ ਲੋਕ ਨਿਰਮਾਣ ਮੰਤਰੀ ਕੋਲੋਂ ਤੁਗਲਵਾਲਾ-ਚੱਕ ਸ਼ਰੀਫ਼ ਦੀ ਮੁਰੰਮਤ ਲਈ 4 ਕਰੋੜ ਰੁਪਏ ਮਨਜ਼ੂਰ ਕਰਨ ਲਈ ਕਿਹਾ ਹੈ।

ਲੋਕ ਨਿਰਮਾਣ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਦੀਆਂ ਇਨ੍ਹਾਂ ਮੰਗਾਂ ਨਾਲ ਸਹਿਮਤ ਹੁੰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਤੁਗਲਵਾਲਾ-ਚੱਕ ਸ਼ਰੀਫ਼ ਰੋਡ ਉੱਪਰ ਨੁਕਸਾਨੇ ਗਏ ਪੁਲ ਦੀ ਉਸਾਰੀ ਅਤੇ ਇਸ ਸੜਕ ਦੀ ਰਿਪੇਅਰ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੂੰ ਵੀ ਇਨ੍ਹਾਂ ਪ੍ਰੋਜੈਕਟਾਂ ਉੱਪਰ ਵਿਸ਼ੇਸ਼ ਧਿਆਨ ਦੇ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

Written By
The Punjab Wire